ਸਾਵਣ ਮਾਹ ਤ੍ਰਿਹਾਏ ਸੱਜਣ!
ਅਸੀਂ ਸਾਵਣ ਮਾਹ ਤ੍ਰਿਹਾਏ
ਧਰਤੀ ਦੇ ਪਿੰਡੇ 'ਤੇ ਪਾਣੀ
ਅੰਦਰੋਂ ਸੇਕ ਨਾ ਜਾਏ
ਸਾਵਣ ਮਾਹ ਤ੍ਰਿਹਾਏ
ਸੱਜਣ! ਅਸੀਂ ਸਾਵਣ ਮਾਹ ਤ੍ਰਿਹਾਏ
ਜੇਠ ਹਾੜ ਦੀ ਅੰਨ੍ਹੀ ਧੁੱਪੇ
ਨਿੱਤ ਸਾਵਣ ਦੇ ਚਾਅ
ਮੀਂਹ ਮੰਗੀਏ ਤੇ ਹੜ੍ਹ ਆ ਜਾਵੇ
ਕਰੀਏ ਅੰਤ ਉਪਾਅ
ਇਸ ਰੁੱਤੇ ਵੀ ਬੁੱਲ੍ਹਾਂ ਉੱਤੇ
ਪਿਪੜੀ ਜੰਮਦੀ ਜਾਏ
ਸਾਵਣ ਮਾਹ ਤ੍ਰਿਹਾਏ ਸੱਜਣ!
ਅਸੀਂ ਸਾਵਣ ਮਾਹ ਤ੍ਰਿਹਾਏ
ਹਉਕੇ ਵਰਗਾ ਜੀਵਨ ਬੀਤੇ
ਹੱਥਾਂ ਨੂੰ ਹੱਥ ਖਾਵੇ
ਰੁੱਖਾਂ ਦੀ ਜੜ੍ਹ ਮੁੱਢੋਂ ਪੁੱਟੀ
ਕੀ ਕੋਈ ਪੀਂਘ ਚੜ੍ਹਾਵੇ
ਸਾਹਵਾਂ ਦੇ ਵਿੱਚ ਹੁਮ ਹੁਮਾ ਕੇ
ਹੁੱਸੜ ਆਏ ਜਾਏ
ਸਾਵਣ ਮਾਹ ਤ੍ਰਿਹਾਏ
ਸੱਜਣ!ਅਸੀਂ ਸਾਵਣ ਮਾਹ ਤ੍ਰਿਹਾਏ