ਸਭ ਦਾ ਰੱਬ ਰੱਬ ਦਾ ਸਭ ਏ,

ਕਿੱਥੋਂ ਆਇਆ ਗ਼ੈਰ

ਇੱਕੋ ਕੁਦਰਤ ਦੇ ਸਭ ਬੰਦੇ,

ਕਾਹਨੂੰ ਰੱਖੀਏ ਵੈਰ।

ਸਭ ਦਾ ਭਲਾ ਤੇ ਸਭ ਦੀ ਖ਼ੈਰ,

ਕੁਲ ਦਾ ਭਲਾ ਤੇ ਕੁੱਲ ਦੀ ਖ਼ੈਰ।

ਹਿੰਦੂ ਮੁਸਲਿਮ ਸਿੱਖ ਇਸਾਈ,

ਕਿਧਰੇ ਬੁੱਧੇ -ਬੱਧੇ।

ਧਰਮਾਂ ਦੇ ਵਿੱਚ ਫਸਕੇ ਜੀਵਣ,

ਰਹਿ ਗਏ ਅੱਧ ਪਚੱਧੇ।

ਮਨ ਤੋਤੇ ਦਾ ਖੋਲ ਕੇ ਪਿੰਜਰਾ,

ਬਾਗੀਂ ਕਰੀਏ ਸੈਰ,

ਸਭ ਦਾ ਭਲਾ ਤੇ ਸਭ ਦੀ ਖ਼ੈਰ,

ਕੁੱਲ ਦਾ ਭਲਾ ਤੇ ਕੁੱਲ ਦੀ ਖ਼ੈਰ।

ਚਾਰ ਚੁਫੇਰੇ ਲੀਕਾਂ ਦਿੱਸਣ,

ਲੀਕਾਂ ਅੰਦਰ ਚੀਕਾਂ।

ਨਾ ਲੀਕਾਂ ਤੇ ਲੀਕਾਂ ਲਗਣ,

ਕਿਹੜੀ-ਕਿਹੜੀ ਲੀਕਾਂ ?

ਲੀਕਾਂ ਤੇ ਬਸ ਲੀਕਾਂ ਨੇ,

ਨਹੀ ਲੀਕਾਂ ਦੇ ਪੈਰ।

ਸਭ ਦਾ ਭਲਾ ਤੇ ਸਭ ਦੀ ਖ਼ੈਰ,

ਕੁੱਲ ਦਾ ਭਲਾ ਤੇ ਕੁਲ ਦੀ ਖ਼ੈਰ।

ਮੂਰਖ, ਰੱਬ ਦੇ ਨਾਂ ਤੇ ਰੱਬ ਦੀ,

ਖ਼ਲਕਤ ਮਾਰੀ ਜਾਂਦੇ।

ਆਪਣੀ ਹਿਰਸ ਹਵਸ ਦਾ ਵੇਖੋ,

ਬੁੱਤਾ ਸਾਰੀ ਜਾਂਦੇ।

ਰੱਬ ਦੇ ਮੋਢੇ ਉੱਤੇ ਧਰਕੇ,

ਕਰਦੇ ਪਏ ਨੇ ਫੈਰ।

ਸਭ ਦਾ ਭਲਾ ਤੇ ਸਭ ਦੀ ਖ਼ੈਰ,

ਕੁੱਲ ਦਾ ਭਲਾ ਤੇ ਕੁਲ ਦੀ ਖ਼ੈਰ

📝 ਸੋਧ ਲਈ ਭੇਜੋ