ਤੇਗ ਬਹਾਦਰ ਗੁਰੂ ਜਦ ਸਿਮਰੀਏ ਤਾਂ
ਨਵ ਨਿੱਧੀਆਂ ਘਰ ਵਿੱਚ ਆਣ ਧਾਏ
ਲੱਖ ਔਕੜਾਂ ਜਦ ਕਿਤੇ ਪੈ ਜਾਵਣ
ਸਤਗੁਰੂ ਪਹੁੰਚ ਉਥੇ ਹੁੰਦਾ ਹੈ ਸਹਾਏ
ਇਬਾਦਤਾਂ ਤੋਂ ਪਹੁੰਚੇ ਸ਼ਹਾਦਤਾਂ ਤਕ
ਨੀਂਹ ਸਿੱਖੀ ਦੀ ਲਹੂ ਵਿੱਚ ਰੰਗ ਜਾਏ
ਮੂਰਤ ਬੈਰਾਗ਼ ਦੀ ਚਾਦਰ ਉਹ ਹਿੰਦ ਦੀ ਹੈ
ਸਿਰੜ ਛੱਡੇ ਨਾ ਸੀਸ ਨੂੰ ਵਾਰ ਜਾਏ।
ਮੱਖਣ ਸ਼ਾਹ ਲੁਬਾਣਾ ਸਿੱਖ ਗੁਰੂ ਘਰ ਦਾ
ਸ਼ਾਹ ਵਪਾਰੀ ਸੀ ਉਹ ਸਮੇਂ ਦਾ ਇੱਕ ਭਾਰਾ
ਸੂਰਤ ਗੁਜਰਾਤ ਨਾਲ ਲਗਦੇ ਸਾਗਰਾਂ ਵਿੱਚ
ਲੱਧ ਜਹਾਜ਼ ਟੁਰਿਆ ਮਾਲ ਸਬਾਬ ਸਾਰਾ
ਠਿੱਲ ਪਿਆ ਜਹਾਜ਼ ਡੂੰਘੇ ਪਾਣੀਆਂ ਵਿੱਚ
ਤਰਜਬੇਕਾਰ ਮੱਲਾਹ ਸੀ ਅੱਤ ਪਿਆਰਾ
ਚੀਰ ਪਾਣੀ ਜਹਾਜ਼ ਵੱਧਦਾ ਜਾ ਰਿਹਾ ਸੀ
ਗਵਾਹ ਮੱਲਾਹ ਸ਼ਾਹ ਤੇ ਇੱਕ ਇੱਕ ਤਾਰਾ।
ਭਿਅੰਕਰ ਤੂਫਾਨ ਆ ਘੇਰਿਆ ਜਹਾਜ਼ ਤਾਈਂ
ਹਿੱਸੇ ਪੁਰਜੇ ਜਹਾਜ਼ ਦੇ ਸਭ ਵਹਿਣ ਲੱਗੇ
ਪਰਬਤੀ ਲਹਿਰਾਂ ਜਹਾਜ਼ ਤੇ ਚੜ੍ਹ ਆਈਆਂ
ਹੌਂਸਲੇ ਸ਼ਾਤਰ ਮੱਲਾਹ ਦੇ ਵੀ ਢਹਿਣ ਲੱਗੇ
ਛੱਲ ਭਰਵੀਂ ਦੇ ਨਾਲ ਮੱਖਣ ਸ਼ਾਹ ਜੀ ਵੀ
ਇੱਧਰ ਉੱਧਰ ਜਹਾਜ਼ ਵਿੱਚ ਖਹਿਣ ਲੱਗੇ
ਲੱਦੇ ਲਦਾਏ ਜਹਾਜ਼ ਨੂੰ ਵੇਖ ਡੁਬਦਾ
ਹੱਥ ਮੱਲਾਹ ਦੇ ਵੀ ਖੜੇ ਰਹਿਣ ਲੱਗੇ।
ਜਾਨ ਮਾਲ ਸੱਭ ਡੁਬਦਾ ਵੇਖ ਕੇ ਤੇ
ਸ਼ਾਹ ਹੋਰਾਂ ਦਿਲੀ ਅਰਦਾਸ ਕੀਤੀ
ਭੁੱਲਾਂ ਬਖਸ਼ ਦੇਵੋ ਸੱਚੇ ਸਤਗੁਰੂ ਜੀ
ਮਾਫ਼ ਕਰ ਦੇਵੋ ਜੋ ਵੀ ਹੈ ਹੋਈ ਬੀਤੀ
ਤੇਰੇ ਦਰ ਦੇ ਗੋਲੇ ਹਾਂ ਗੁਰੂ ਨਾਨਕ
ਰੱਖੋ ਹੱਥ ਦੇ ਕੇ ਹੋਣੀ ਹੈ ਭਰੀ ਪੀਤੀ
ਹੋਸਾਂ ਹਾਜ਼ਰ ਲੈ ਕੇ ਪੰਜ ਸੌ ਮੋਹਰਾਂ
ਬੇੜਾ ਲਾਉ ਬੰਨੇ ਜੋਦੜੀ ਮੈਂ ਜੋ ਕੀਤੀ।
ਮੱਖਣ ਸ਼ਾਹ ਜੀ ਦੱਸੋ ਕੀ ਕਰਾਂ ਹੁਣ ਮੈਂ
ਪਾਣੀ ਜਹਾਜ਼ ਅੰਦਰ ਵੜੀ ਜਾਂਵਦਾ ਹੈ
ਮੇਰੇ ਹੱਥੋਂ ਵੱਸੋਂ ਸੱਭ ਹੈ ਬਾਹਰ ਹੋਇਆ
ਹੁਣ ਤਾਂ ਰੱਬ ਹੀ ਬੇੜੇ ਬੰਨੇ ਲਾਂਵਦਾ ਹੈ
ਹਾਰੇ ਮੱਲਾਹ ਨੂੰ ਸ਼ਾਹ ਜੀ ਇੰਝ ਬੋਲੇ
ਕਾਹਨੂੰ ਐਵੇਂ ਮੱਲਾਹਾ ਘਬਰਾਂਵਦਾ ਹੈਂ
ਬਾਜ ਤੈਥੋਂ ਮੱਲਾਹ ਇੱਕ ਹੋਰ ਵੀ ਹੈ
ਵੇਖੀਂ! ਗੁਰੂ ਮੇਰਾ ਕਿੰਝ ਬਚਾਂਵਦਾ ਹੈ।
ਬਸ ਫਿਰ ਕੀ ਸੀ ਦੁਆ ਕਬੂਲ ਹੋ ਗਈ
ਸ਼ਾਹ ਜੀ ਗੁਰੂ ਦਾ ਦਰ ਖੜਕਾ ਦਿੱਤਾ
ਤੇਗ ਬਹਾਦਰ ਗੁਰੂ ਮੋਢਾ ਦੇ ਕੇ ਤੇ
ਮੱਖਣ ਸ਼ਾਹ ਨੂੰ ਕੰਢੇ ਤੇ ਲਾ ਦਿੱਤਾ
ਉੱਠ ਸਮਾਧੀ ਚੋਂ ਨੌਵੇਂ ਗੁਰੂ ਨਾਨਕ
ਆਪ ਸੇਵਕ ਨੂੰ ਜਾ ਬਚਾ ਦਿੱਤਾ
ਭਗਤ ਵਛਲ ਗੁਰੂ ਸੇਵਕ ਆਪਣੇ ਨੂੰ
ਆਪ ਚੁੱਕ ਕੇ ਗਲੇ ਲਗਾ ਦਿੱਤਾ।
ਦਿੱਲੀ ਪਹੁੰਚ ਸ਼ਾਹ ਨੂੰ ਪਤਾ ਲੱਗਾ
ਅੱਠਵੇਂ ਗੁਰੂ ਜੋਤੀ ਜੋਤ ਸਮਾ ਗਏ ਨੇ
ਬਾਬਾ ਵਿੱਚ ਬਕਾਲੇ ਦੇ ਵਾਸ ਕਰਦੈ
ਕਹਿ ਕੇ ਸੰਗਤਾਂ ਨੂੰ ਸੱਭ ਸਮਝਾ ਗਏ ਨੇ
ਬਾਈ ਮੰਜੀਆਂ ਡਾਈਆਂ ਨੇ ਧੀਰਮੱਲੀਆਂ
ਦੋ ਦੋ ਮੋਹਰਾਂ ਦੇ ਭੇਦ ਨੂੰ ਪਾ ਗਏ ਨੇ
ਮੱਖਣ ਸ਼ਾਹ ਪਛਾਣ ਕੇ ਭੇਖੀਆਂ ਨੂੰ
ਅਸਲ ਗੁਰੂ ਲੱਭਣ ਚਾਲੇ ਪਾ ਗਏ ਨੇ।
ਦਰਸ਼ਨ ਕੀਤੇ ਜਦ ਸੱਚੇ ਪਾਤਸ਼ਾਹ ਦੇ
ਰੋਮ ਰੋਮ ਸ਼ਾਹ ਦਾ ਮਹਿਕਾਇਆ
ਸਾਹਵੇਂ ਵੇਖ ਨਾਨਕ ਦੀ ਜੋਤ ਸੱਚੀ
ਖੁਸ਼ੀ ਵਿੱਚ ਸੇਵਕ ਸੀ ਚਹਿਕਾਇਆ
ਫਿਰ ਪਰਖ ਨੂੰ ਪੂਰਾ ਕਰਨ ਖਾਤਰ
ਪੰਜ ਮੋਹਰਾਂ ਲਈ ਮਨ ਸੀ ਕਰ ਆਇਆ
ਜਦ ਹੀ ਜਾਣ ਲੱਗਾ ਗੁਰੂ ਚਰਨਾਂ ’ਚੋਂ
ਬਕਾਇਆ ਮੋਹਰਾਂ ਦਾ ਗੁਰਾਂ ਮੰਗ ਪਾਇਆ।
ਮੋਢਾ ਵੇਖ ਕੇ ਜ਼ਖ਼ਮੀ ਸਤਗੁਰਾਂ ਦਾ
ਮੱਖਣ ਸ਼ਾਹ ਅਥਰੂ ਵਹਾਈ ਜਾਵੇ
ਕਦੇ ਹੱਸੇ ਤੇ ਕਦੇ ਫਿਰ ਰੋਣ ਲੱਗੇ
ਦਰਸ ਗੁਰਾਂ ਦੇ ਇੰਜ ਹੀ ਪਾਈ ਜਾਵੇ
ਨੂਰੋ ਨੂਰ ਹੋਇਆ ਕੋਠੇ ਜਾ ਚੜ੍ਹਿਆ
‘ਗੁਰੂ ਲਾਧੋ’ ਦਾ ਨਾਰ੍ਹਾ ਲਗਾਈ ਜਾਵੇ
ਧੂੜਾਂ ਉੱਡਦੀਆ ਤੇ ਸੰਗਤਾਂ ਵੇਖ ਕੇ ਤੇ
ਭਾਣੇ ਗੁਰੂ ਦੇ ਨੂੰ ਸਿਰ ਨਿਵਾਈ ਜਾਵੇ।
ਸਿਰ ਸੁਆਹ ਪਈ ਭੇਖੀ ਬਾਬਿਆਂ ਦੇ
ਇੱਕ ਇੱਕ ਭੇਖੀ ਸ਼ਰਮਸਾਰ ਹੋਇਆ
ਗੁਰਾਂ ਸਭਨਾਂ ਨੂੰ ਸੀ ਬਖਸ਼ ਦਿੱਤਾ
ਮੱਖਣ ਸ਼ਾਹ ਲੁਬਾਣਾ ਸਰਸ਼ਾਰ ਹੋਇਆ
ਰੱਜ ਰੱਜ ਕਰਨ ਦੀਦਾਰੇ ਸਿੱਖ ਸੰਗਤਾਂ
ਹਰ ਇੱਕ ਦਾ ਬੇੜਾ ਸੀ ਪਾਰ ਹੋਇਆ
ਸੀਸ ਦਾਨੀ ਨੌਵੇਂ ਗੁਰੂ ਜਿਹਾ ‘ਉੱਪਲ’
ਅੱਜ ਤੱਕ ਨਾ ਕੋਈ ਅਵਤਾਰ ਹੋਇਆ।