ਤੇਰੀ ਛੋਹ ਵੀ
ਹੁਣ ਮੈਨੂੰ ਸ਼ਾਇਦ
ਸਜੀਵ ਨਾ ਕਰ ਸਕੇ
ਅਹੱਲਿਆ ਬਣ ਕੇ ਕੋਈ
ਕਿੰਨਾ ਕੁ ਚਿਰ
ਇੰਤਜ਼ਾਰ ’ਚ
ਖੜ੍ਹਾ ਰਹਿ ਸਕਦਾ
ਤੈਨੂੰ ਉਡੀਕਦਿਆਂ
ਅੱਖਾਂ ’ਚ ਉਡੀਕ ਮੁੱਕ ਗਈ
ਛੋਹ ਨੂੰ ਤਰਸਦਿਆਂ
ਪੋਟੇ ਬੇਜਾਨ ਹੋਏ
ਇੱਕ ਸੰਵੇਦਨਹੀਣਤਾ
ਸਾਰੇ ਜਿਸਮ ’ਚ ਰਚ ਗਈ
ਕਿਹੜਾ ਜਿਸਮ
ਕਿਹੜਾ ਚਿਹਰਾ
ਹੁਣ ਸਭ
ਇਕੋ ਜਿਹਾ ਲੱਗਦਾ
ਗਰਮੀ ਸਰਦੀ
ਦੁੱਖ ਸੁੱਖ
ਮੋਹ ਨਿਰਮੋਹ
ਸਭ ਇੱਕੋ ਜਿਹੇ ਲੱਗਦੇ
ਬਹਾਰਾਂ ਗਾਉਂਦੀਆਂ
ਪਤਝੜਾਂ ਆਉਂਦੀਆਂ
ਇੱਕੋ ਜਿਹੀਆਂ ਜਾਪਦੀਆਂ
ਮੁੱਦਤ ਤੋਂ ਤੇਰਾ
ਸਪਰਸ਼ ਲੱਭਦਿਆਂ
ਪੱਥਰ ਹੋ ਗਿਆ ਮਨ
ਹੁਣ ਭੁੱਲ ਹੀ ਗਿਆ
ਕਿ ਮੁਹੱਬਤ ਦੀ ਛੋਹ
ਕਿਸਨੂੰ ਆਖਦੇ
ਪਿਆਰ ਦੀ ਕੰਬਣੀ
ਕਿਸਨੂੰ ਕਹਿੰਦੇ।