ਸਬਜ਼ ਪੋਸ਼ ਫ਼ਕੀਰ ਦੇ ਦੀਦਾਰ

ਵੰਝਲੀ-ਸੁਰਾਂ ਜਗਾਂਦੀਆਂ, ਅਧਰੈਣੀ ਦੀ ਆਬ। 

ਹੀਰ ਦੇ ਮੁੱਖ 'ਤੇ ਪਾਉਂਦੀਆਂ, ਨੀਂਦਰ ਜੇਹਾ ਨਕਾਬ।

ਖੰਭ ਪਰੀਆਂ ਦੇ ਫੜਕਦੇ, ਵਿਚ ਡੂੰਘੇਰੇ ਨੀਰ। 

ਜ਼ਿਮੀਂ ਦੇ ਸੀਨੇ ਹੋ ਰਹੀ, ਸੁਹਲ ਜਹੀ ਕੁਈ ਪੀੜ।

ਲੱਖ ਫ਼ਕੀਰ ਜਗਾਉਣਗੇ, ਦੂਰ ਇਕੱਲੀ ਗੋਰ। 

ਹੀਰ ਦਾ ਜੋਬਨ ਤੱਕਣਾ, ਮੁੜ ਧਰਤੀ ਦੇ ਜ਼ੋਰ। 

ਕਿਉਂ ਤੂੰ ਰੂਪ ਨੂੰ ਕੱਜਿਆ, ਮਿੱਠ ਤਾਨਾ ਦੇ ਪਾਰ

ਕਿਉਂ ਤੂੰ ਅੰਬਰ ਲੈ ਗਈ, ਡੂੰਘੀ ਨਦੀ ਦਾ ਹਾਰ

ਲਹਿਰ ਝਨਾਂ ਦੀ ਛਾਂ ਵਿਚ, ਬਹਿੰਦੀ ਕੁਈ ਹੂਰ। 

ਵਾਟ ਝੰਗ ਦੀ ਸਦਾ ਹੀ, ਧਰਤੀ ਨੂੰ ਮਨਜ਼ੂਰ।

ਰਾਤ ਝਨਾਂ ਦੀ ਥਰਕਦਾ, ਘੁੰਡ ਨਵੇਲਾ ਸੁਹਲ।

ਓਹਲੇ ਬੈਠੀ ਆਣ ਕੇ, ਕਿਹੜੀ ਰੁੱਤ ਅਬੋਲ

ਵਾਟਾਂ ਟੂਣੇਹਾਰਣਾਂ ਘੁੰਡ ਦੇ ਓਹਲੇ ਥੀਣ; 

ਮੁੱਖ ਜਿਨ੍ਹਾਂ ਦੇ ਵੇਖ ਕੇ, ਵੱਡ ਰੁੱਖਾਂ ਦਾ ਜੀਣ।

ਤਾਰਿਆਂ ਦੀ ਛਾਂ ਕੰਬਦਾ, ਘੁੰਡ ਮਹੀਨ ਅਪਾਰ।

ਕੱਜ ਲਏ ਮੰਗੂ ਬੇਲੜੇ, ਕੱਜ ਲਏ ਬਲੀ ਪਹਾੜ। 

ਭੁੱਲੀ ਹੀਰ ਪਈ ਢੂੰਡਦੀ, ਅੱਪਣੇ ਤਨ ਦੀ ਲੋਅ, 

ਝੋਕ ਤ੍ਰਿੰਞਣ ਵਣਾਂ ਨੂੰ, ਰੰਗ ਰੰਗ ਰਹੀ ਪਰੋ।

ਕਿਹੜੀ ਝੁੱਗੀ ਵੇਖ ਲੈ, ਬਲਦਾ ਪਿਆ ਚਰਾਗ਼, 

ਹੀਰ ਦਾ ਪਾਣੀ ਭਰੇਗਾ, ਰੋਇ ਵਿਸੂਲਾ ਬਾਗ਼। 

ਰਾਤ ਝਨਾਂ ਦੀ ਵੇਖਿਆ, ਲਹਿਰੀਂ ਡੁੱਬਦਾ ਨੂਰ। 

ਸੁਬਕ ਤਾਨ ਜਿਉਂ ਗੁੰਮਿਆ, ਬੁੱਤ ਹੀਰ ਦਾ ਦੂਰ।

📝 ਸੋਧ ਲਈ ਭੇਜੋ