ਨਾਂਹ ਜਾਣਾ ਕਿਸਦਾ ਮੈਂ ਦਾਮਨ ਫੜ ਕੇ,
ਢੁੱਕਿਆ ਫ਼ਕੀਰ ਦੇ ਕੋਲ।
ਸੋਹਣੀਆਂ ਹੰਝਾਂ ਤੇ ਕਮਲਾਂ ਜਿਉਂ ਸੁੱਤੇ,
ਵਗਦੇ ਝਨਾਵਾਂ ਦੇ ਬੋਲ ।
ਦੂਰ ਤ੍ਰਿੰਝਣਾਂ ੱਚੋਂ ਪੰਖੀ ਨੇ ਉੱਡੇ
ਪਏ ਉੱਡ ਮਹਿਰਮ ਦੀ ਝੋਲ।
ਪੀਰ ਦੇ ਦਰ ਤੋਂ ਖਾਲੀ ਨ ਮੁੜ ਤੂੰ
ਲੈ ਤੂੰ ਵੀ ਦੁੱਖ ਸੁੱਖ ਫੋਲ।
ਪੁੱਛਿਆ ਮੈਂ "ਰੱਬ ਦਾ ਦਾਮਨ ਫੜ ਕੇ,
ਕਿਹੜੇ ਦੇਸੋਂ ਆਏ ਫ਼ਕੀਰ।
ਕਿਚਰਕ ਕੰਧੀ ਝਨਾਂ ਦੀ 'ਤੇ ਵੱਸਣਾ,
ਕਿਹੜੇ ਦੇਸੀਂ ਜਾਣਾ ਅਖ਼ੀਰ ?"
"ਕੰਧੀ ਝਨਾਂ ਦੀ ਏ ਦੇਸ ਅਸਾਡਾ,
ਵਗੇ ਏਥੇ ਜਿੰਦੜੀ ਦਾ ਨੀਰ।
ਰੱਬ ਦਿਆਂ ਬੰਦਿਆਂ ਨੂੰ ਜਦੋਂ ਹੀਰ ਵਿਸਰੇ,
ਓਦੋਂ ਛੱਡ ਜਾਂਦੇ ਅਸੀਂ ਤੀਰ।”
“ਕਾਹਤੋਂ ਮੈਂਡੇ ਦਿਲ ਵਿਚ ਬਰਬਰ ਸੱਖਣੇ,
ਸੁੰਝਾਂ ਵਿਚ ਕੰਬਦੀ ਜ਼ਬਾਨ।
ਕਦੇ ਕਦੇ ਪੈੜ ਕੋਈ ਥਲਾਂ ਵਿਚ ਦਿਸਦੀ,
ਲੈ ਜਾਣ ਖੋਹ ਕੇ ਤੂਫ਼ਾਨ।
ਕਦੇ ਕਦੇ ਦੇਂਦੀ ਪਰ ਬੂੰਦ ਝਨਾਂ ਦੀ,
ਥੋੜ੍ਹਾ ਥੋੜ੍ਹਾ ਰੂਹ ਨੂੰ ਰਮਾਨ।
ਸੋਹਣੇ ਜਹੇ ਝਨਾਂ ਦੇ ਮਿੱਠੜੇ ਫ਼ਕੀਰਾ,
ਖੋਲ੍ਹ ਜ਼ਰਾ ਮਾਅਨੇ ਕੁਰਾਨ।”
“ਰੰਗਲੀ ਝਨਾਂ ਦੇ ਤੁਸਾਂ ਵਹਿਣ ਨ ਵੇਖੇ,
ਮੈਂਡੀਆਂ ਅੱਖੀਆਂ ਦੇ ਨਾਲ।
ਤਾਂਹੀਉਂ ਏ ਚਿੱਤ ਤੈਂਡਾ ਡਰਵਰ ਡਰਵਰ,
ਰਹਿਣਾ ਝੰਗ ਬੇਲੜੇ ਮੁਹਾਲ।
ਵਿੱਧਣ ਰਾਹਾਂ 'ਤੇ ਜਿੰਦ ਤੈਂਡੀ ਡੋਲਦੀ,
ਸੁੱਕੀ ਸੁੱਕੀ ਪੌਣਾਂ ਦੀ ਚਾਲ।”
ਸਬਰਾਂ ਦੀ ਸਾਨ ਮੈਂਡੀ ਜਿੰਦੂ 'ਤੇ ਲਾ ਲਾ,
ਪੀਰ ਪਿਆ ਪੁੱਛਦਾ ਹਵਾਲ।
ਪੀਰ ਨੇ ਨਜ਼ਰਾਂ ਉਠਾਈਆਂ ਜਾਂ ਮੈਂ ਵੱਲ,
ਕੰਬੀ ਕੁਲ ਤਾਰਿਆਂ ਦੀ ਛਾਂ।
ਉੱਡੀ ਉੱਡੀ ਜਾਂਦੀ ਵੱਲ ਅੰਬਰਾਂ ਦੇ ਸੁਪਨੇ,
ਫੜ ਫੜ ਕਰੇਂਦੀ ਏ ਝਨਾਂ।
ਭੇਦ ਪਿਆ ਮਾਹੀ ਦੇ ਚੋਰੀ ਚੋਰੀ ਦਸਦਾ,
ਰੁੱਖਾਂ ਵਿਚ ਪੰਖੀ ਅਨਾਂ।
ਨ ਵੰਝ ਮਾਹੀ ਅਸਾਂ ਸੰਗ ਤੈਂਡੇ ਜੁੱਲਣਾ,
ਅਜੇ ਤੈਂਡਾ ਤੱਕਣਾ ਗਿਰਾਂ।