ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ

ਪਤਝੜ ਮਗਰੋਂ ਜਿੱਦਾਂ ਪੱਤੇ ਗਿਰ ਜਾਦੇ!

ਬੁੱਝਦਿਲ ਬੰਦੇ ਜਿਵੇਂ ਜੁਬਾਨੋਂ ਫਿਰ ਜਾਦੇ!

ਅੱਜ ਕੱਲ੍ਹ ਇਤਬਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਚੰਗੇ ਜੋ ਵਿਦਵਾਨ ਨੇ ਵੇਦ ਕੁਰਾਨਾਂ ਦੇ!

ਜਾਦੇ ਡੋਲ ਈਮਾਨ ਉਹ ਖੱਬੀਖਾਨਾਂ ਦੇ!

ਨਾਨਕ ਦੇ ਸਰਦਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਜੋ ਵੀ ਮੂੰਹ ਵਿੱਚ ਆਵੇ ਗਾਈ ਜਾਦੇ ਆ!

ਗਾਲ਼੍ਹਾਂ ਕੱਡਕੇ ਫੈਨ ਬਣਾਈ ਜਾਦੇ ਆ!

ਮੀਰਯਾਦੇ ਕਲਾਕਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਮਤਲਬ ਤੀਂਕਰ ਸੀਂਮਤ ਯਾਰੀ ਯਾਰਾਂ ਦੀ!

ਕੋਈ ਨਾਂ ਜਾਣੇ ਕੀਂਮਤ ਯਾਰੀ ਯਾਰਾਂ ਦੀ!

ਕ੍ਰਿਸ਼ਨ ਸੁਦਾਮੇ ਯਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਉਹ ਕਹਿੰਦਾ ਸੀ ਅੰਮਾਂ ਬੇਸ਼ੱਕ ਅੰਮਾਂ ਨੂੰ!

ਡੋਲ ਗਈ ਉਹ ਵੇਖ ਚਿੱਟਿਆਂ ਚੰਮਾਂ ਨੂੰ!

ਪੂਰਨ ਜਿਹੇ ਹੱਕਦਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਇੰਸਟਾ ਉੱਤੇ ਮੰਡੀ ਲੱਗਦੀ ਜਿਸਮਾਂ ਦੀ!

ਵਿੱਕੇ ਵੇਸਵਾ ਉੱਥੇ ਕਿੰਨੀਆਂ ਕਿਸਮਾਂ ਦੀ!

ਗਨਕਾ ਬਖਸ਼ਹਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਪਹਿਲਾਂ ਜਿਹੜੇ ਡਿੱਗਦੇ ਪੈਰੀ ਪਰਜਾ ਦੇ!

ਬਾਅਦ ਵਿੱਚ ਉਹ ਬਣਦੇ ਵੈਰੀ ਪਰਜਾ ਦੇ!

ਰਣਜੀਤ ਜਿਹੇ ਸਰਕਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਉਹੀ ਕਰਨ ਗਦਾਰੀ ਪੱਗ ਵਟਾਉਦੇ ਜੋ!

ਚੰਮਦੇ ਬਣੇ ਵਿਪਾਰੀ ਪੱਗ ਵਟਾਉਦੇ ਜੋ!

ਨੱਥੇ ਜਿਹੇ ਦਮਦਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਲਾੜੇ ਹੋਗੇ ਗਾਇਬ ਨੇ ਕਈ ਬਰਾਤਾਂ ਦੇ!

ਵਿੱਕ ਚੁੱਕੀਆਂ ਕਲ਼ਮਾਂ ਸਣੇ ਦੁਵਾਤਾਂ ਦੇ!

ਜੋਗੀ ਵਾਂਗ ਸੰਸਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

ਖਿੱਦੋ ਵਾਂਗਰ ਬਾਹਰੋਂ ਚਮਕ ਬਥੇਰੀ ਆ!

ਵਿੱਚੋਂ ਪਾਟੀਆਂ ਲੀਰਾਂ ਦੀ ਬਸ ਢੇਰੀ ਆ!

‘ਸੱਤਿਆ’ ਵੇ ਸਤਿਕਾਰ ਬਣਾਉਣੇ ਔਖੇ ਨੇ!

ਸੱਚ ਦੱਸਾਂ ਕਿਰਦਾਰ ਬਣਾਉਣੇ ਔਖੇ ਨੇ॥

📝 ਸੋਧ ਲਈ ਭੇਜੋ