ਸੱਚ ਕਹਵਾਂਗਾ ਉਦੋਂ ਤਾਈਂ ਹੈ ਜੇ ਭਾਰ ਜ਼ਮੀਰਾਂ ਤੇ ।
ਜਿੱਥੋਂ ਤੀਕਰ ਪਹਿਰੇ ਨੇ ਤਹਿਰੀਰਾਂ ਤੇ ਤਕਦੀਰਾਂ ਤੇ ।
ਰੂਹ ਕਲਬੂਤੋਂ ਲੱਦ ਟੁਰੀ ਮੈਂ ਸਾਰੇ ਸੰਗਲ ਤੋੜ ਗਿਆ,
ਜ਼ਾਲਮ ਨੂੰ ਤੇ ਮਾਨ ਬੜਾ ਸੀ ਲੋਹੇ ਦੀਆਂ ਜ਼ੰਜੀਰਾਂ ਤੇ ।
ਤੂੰ ਐਵੇਂ ਦੀ ਦੁਨੀਆ ਤੇ ਨਾ ਘੱਲਦਾ ਘੱਲਣ ਵਾਲੜਿਆ,
ਮੇਰਾ ਕੀ ਏ ਮੈਂ ਤੇ ਐਵੇਂ ਰੀਝ ਗਿਆ ਤਸਵੀਰਾਂ ਤੇ ।
ਕੈਦੋਂ ਵਰਗੇ ਹਾਕਮ ਨੇ ਇਹ ਹੁਕਮ ਸੁਣਾਇਆ ਆਖ਼ਰ ਨੂੰ,
ਰਾਂਝਿਆਂ ਨਾਲ ਪਿਆਰ ਹਰਾਮ ਏ ਜ਼ਹਿਰ ਹਲਾਲ ਏ ਹੀਰਾਂ ਤੇ ।
ਮੰਨੋ ਨਾ 'ਸੁਲਤਾਨ' ਕਦੇ ਵੀ ਉਸ ਬੇਅਮਲੇ ਆਕਾ ਨੂੰ,
ਸੂਲੀ ਦੇ ਦਰ ਖੋਲ੍ਹੇ ਜਿਹੜਾ ਮਾੜਿਆਂ ਬੇਤਕਸੀਰਾਂ ਤੇ ।