ਕੰਨੀਂ ਮੁੰਦਰਾਂ ਪਾ ਹੱਥ 'ਚ ਵੰਝਲੀ ਕਾਸਾ ਸੋਟਾ,
ਨਹੀਂ ਬਣਿਆ ਜਾਣਾ ਫ਼ਕੀਰ ਲੋਕੋ।
ਖ਼ੁਦਾ ਤਾਂ ਇੰਝ ਹੀ ਲੋਕਾਂ ਬਦਨਾਮ ਕਰਿਆ,
ਰੱਬ ਨਹੀਂ ਬੰਦਾ ਖ਼ੁਦ ਲਿਖੇ ਤਕਦੀਰ ਲੋਕੋ।
ਮੰਦਰ-ਮਸਜਿਦ ਲੱਖ ਗੁਰਦੁਆਰੇ ਜਾ ਕੇ,
ਨਹੀਂ ਲੱਭਣੀ ਆਪਣੀ ਪੀਰ ਲੋਕੋ।
ਲੱਖ ਸਾਂਭੀ ਜਾ ਰੂਹ ਹੀ ਅਟੱਲ ਰਹਿਣੀ,
ਸਭ ਨੇ ਛੱਡ ਜਾਣਾ ਇੱਕ ਦਿਨ ਸਰੀਰ ਲੋਕੋ।
ਮਿਰਜ਼ੇ ਰਾਂਝੇ ਜਿਹੇ ਆਸ਼ਕ ਸੂਲੀ ਚੜ੍ਹ ਗਏ,
ਭੁੱਲ ਜਾਣੀ ਚੂਰੀ ਖੀਰ ਲੋਕੋ।
ਮੇਰੀ ਕਲਮ 'ਚ ਐਨਾ ਦਮ ਹੈ ਨਹੀਂ,
ਸ਼ੈਰੀ ਕਿੱਥੋਂ ਲਿਖ਼ ਲੂ ਹੀਰ ਲੋਕੋ।
ਇੱਕ ਦਿਨ "ਮੈਂ" ਹੀ ਮਾਰ ਲੈਂਦੀ ਬੰਦਿਆ,
ਸਾਫ ਹੁੰਦੇ ਧਰਤੀ ਅੱਗ ਤੇ ਨੀਰ ਲੋਕੋ।
ਇੱਕ ਰੱਬ ਦਾ ਨਾਮ ਅਟੱਲ ਬੰਦਿਆ,
ਇਹ ਸਭ ਦੌਲਤਾਂ ਜੱਗ ਦੀ ਭੀਖ ਲੋਕੋ।
ਕਿਹੜੀ ਇੱਜ਼ਤਾਂ ਦੀ ਤੂੰ ਗੱਲ ਕਰੇ ਬੰਦਿਆ,
ਇੱਥੇ ਸ਼ੈਰੀ ਵੀ ਸ਼ਰੇਆਮ ਕੀਤਾ ਜ਼ਲੀਲ ਲੋਕੋ।
ਸਿਰਫ ਰੱਬ ਦੀ ਕਚਹਿਰੀ 'ਚ ਸੱਚਾ ਇਨਸਾਫ਼ ਮਿਲਦਾ,
ਆਪੇ ਜੱਜ ਤੇ ਆਪ ਹੀ ਵਕੀਲ ਲੋਕੋ।
ਬੰਦਿਆ ਸਭ ਨੇ ਇੱਕ ਦਿਨ ਛੱਡ ਜਾਣਾ,
ਆਪਣੇ ਹੀ ਪਿੱਠ ਪਿੱਛੇ ਚਲਾਉਂਦੇ ਤੀਰ ਲੋਕੋ।
ਦੱਸ ਕਲਮ ਦਾ ਮਾਣ ਕਿਉਂ ਕਰੇਂ ਤੂੰ,
ਇਹ ਵੀ ਸੱਜਣ ਦੀ ਦਿੱਤੀ ਹੋਈ ਭੀਖ ਲੋਕੋ।
ਮੇਰੀ ਕਲਮ ਵੀ ਰੋਵੇ ਲੱਭੇ ਸੱਜਣ ਨੂੰ,
ਇਕੱਲਾ ਬੈਠਾ ਕੋਸੇ ਆਪਣੀ ਤਕਦੀਰ ਲੋਕੋ।
ਸ਼ੈਰੀ ਵੀ ਝੂਠਾ ਓਹਦੀ ਕਲਮ ਵੀ ਝੂਠੀ,
ਰੱਬਾ ਮੁਆਫ਼ ਕਰੀਂ ਮੇਰਾ ਸੱਜਣ ਹੀ ਮੇਰਾ ਪੀਰ ਲੋਕੋ।