ਮਹਿਤਾ ਜੀ ਦੇ ਮਨ ਵਿਚ ਆਈ।
ਰਸਮ ਜਨੇਊ ਜਾਵੇ ਕਰਾਈ।
ਪੰਡਤ ਹਰਦਿਆਲ ਜੀ ਘਰ ਆਏ।
ਸ਼ੁਭ ਦਿਨ ਰਿਸ਼ਤੇਦਾਰ ਬੁਲਾਏ।
ਪੰਡਤ ਜੀ ਨੇ ਹਵਨ ਸਜਾਇਆ।
ਬਾਲਕ ਨਾਨਕ ਕੋਲ ਬਿਠਾਇਆ।
ਪੰਡਤ ਜੀ ਨੇ ਮੰਤਰ ਪੜ੍ਹਿਆ।
ਹੱਥ ਫਿਰ ਬਾਬਾ ਜੀ ਦਾ ਫੜਿਆ।
ਬਾਬਾ ਜੀ ਨੇ ਤਦ ਫਰਮਾਇਆ।
ਕਿਉਂ ਜਾਂਦਾ ਹੈ ਇਹ ਪਹਿਨਾਇਆ?
ਪੰਡਤ ਜੀ ਗੱਲ ਇਹ ਸਮਝਾਉਂਦੇ।
ਉੱਚ ਜਾਤੀ ਵਾਲੇ ਇਹ ਪਾਉਂਦੇ।
ਇਸ ਨੂੰ ਪਹਿਨ ਬਣੇਗਾ ਚੰਗਾ।
ਫਿਰ ਨਾ ਪੈਂਦਾ ਕੋਈ ਪੰਗਾ।
ਅਗਲੇ ਜਨਮ ਤੱਕ ਰਹਿੰਦਾ ਨਾਲੈ।
ਪੁੱਤਰਾ! ਤੂੰ ਵੀ ਗਲ ਇਹ ਪਾ ਲੈ।
ਬਾਬਾ ਜੀ ਨੇ ਸੱਚ ਸੁਣਾਇਆ।
ਕਿਉਂ ਹੈ ਝੂਠ ਤੁਸਾਂ ਫੈਲਾਇਆ।
ਇਹ ਧਾਗਾ ਤਾਂ ਗਲ ਸੜ ਜਾਏ।
ਸੱਚੇ ਨਾਮ ਦਾ ਹੀ ਕੰਮ ਆਏ।
ਕੀਤੇ ਕਰਮਾਂ ਦਾ ਫਲ ਪਾਉਣਾ।
ਫਿਰ ਹੀ ਚੰਗਾ ਮੰਦਾ ਅਖਵਾਉਣਾ।
ਸੱਚੇ ਨਾਮ ਦਾ ਧਾਗਾ ਪਾਓ।
ਜੇਕਰ ਹੈ ਤਾਂ ਦੇਰ ਨਾ ਲਾਓ।
ਚੁੱਪ ਕਰ ਪੰਡਤ ਜੀ ਬਹਿ ਗਏ।
ਜਾਂਦੇ ਹੋਏ ਇਹ ਗੱਲ ਕਹਿ ਗਏ।
ਨਾਨਕ ਹੈ ਜਗ ਤਾਰਨ ਆਇਆ।
ਅਮਰ ਗੁਰਾਂ ਨੂੰ ਸੀਸ ਝੁਕਾਇਆ।