ਬੰਦਾ
ਚਿਹਰੇ 'ਤੇ ਲਾਏ ਮਾਸਕ ਨਾਲ਼
ਪੁਣ ਪੁਣ ਸਾਹ ਲੈ ਰਿਹਾ ਹੈ
ਦੁੱਧ,ਜੋ ਪੁੱਤ ਵੇਚਣ ਬਰਾਬਰ ਸਮਝਿਆ ਜਾਂਦਾ ਸੀ
ਸਿਰਫ਼ ਉਹ ਹੀ ਨਹੀਂ
ਪੀਣ ਵਾਲ਼ਾ ਪਾਣੀ ਵੀ
ਵਿਕਣ ਲੱਗ ਪਿਆ ਹੈ।
ਸਾਹ ਆਕਸੀਜਨ ਸਿਲੰਡਰਾਂ ਸਹਾਰੇ
ਚੱਲ ਰਹੇ ਨੇ
ਕਬਰਸਤਾਨਾਂ ਵਿੱਚ ਬਸਤੀਆਂ ਵਰਗੀ ਭੀੜ ਹੈ
ਅਤੇ
ਬਸਤੀਆਂ ਵਿੱਚ ਕਬਰਸਤਾਨਾਂ ਵਰਗੀ ਮਾਤਮੀ ਚੁੱਪ ਹੈ
ਮਾਤਮ ਮਨਾਉਣ ਤੇ ਦਫ਼ਾ ਚੁਤਾਲ਼ੀ
ਤੇ ਮਿਲ਼ਨ ਤੇ ਕਰਫਿਊ ਲੱਗ ਚੁੱਕਾ ਹੈ
ਸੋਸ਼ਲ ਡਿਸਟੈਂਸਿਗ ਹੁਣ ਸਿਰਫ ਅਛੂਤਾਂ ਤੇ ਹੀ ਨਹੀਂ
ਸਵਰਨਾਂ 'ਤੇ ਵੀ ਆਇਦ ਹੋ ਗਈ ਹੈ
ਬਾਂਦਰ ਆਪਣੇ ਆਪ ਨੂੰ
ਬੰਦੇ ਦਾ ਪੂਰਵਜ ਮੰਨਣੋ ਇਨਕਾਰੀ
ਹੋ ਗਏ ਹਨ
ਜਿਹੜੇ ਗਵਾਰ ਚਿੜੀਆਂ ਨੂੰ
ਮਾਰ ਕੇ ਹੱਸੇ ਸੀ
ਉਹਨਾਂ ਦੀ ਮੌਤ ਤੇ
ਚਿੜੀਆਂ ਉਦਾਸ ਨੇ
ਇਹ ਜੋ ਅਜੇ ਕੱਲ੍ਹ ਹੀ ਲਿਖੀ
ਸਾਇੰਸ ਫ਼ਿਕਸ਼ਨ ਸੀ
ਅੱਜ ਸੱਚ ਸਾਬਤ ਹੋ ਗਈ ਹੈ
ਮੇਰੇ ਸਾਹਵੇਂ ।