ਸਾਡਾ ਹੈਂ ਤਾਂ ਸਾਡੇ ਵਿਹੜੇ ਆਇਆ ਕਰ
ਗ਼ੈਰਾਂ ਵਾਂਗੂੰ ਕੋਲੋਂ ਨਾ ਲੰਘ ਜਾਇਆ ਕਰ।
ਤਿਣਕਾ ਤਿਣਕਾ ਕਰ ਸੰਜੋਇਆ ਸੀ ਆਪਾਂ
ਮੇਰਾ ਹੋ ਕਿ ਮੇਰਾ ਘਰ ਨਾ ਢਾਇਆ ਕਰ।
ਕਿਰਨਾਂ ਤਾਂ ਮਿਲਜੁਲ ਕੇ ’ਨੇਰਾ ਖਾ ਜਾਣਾ
ਜੁਗਨੂੰ ਵਾਂਗੂੰ ਤੂੰ ਵੀ ਟਿਮਟਿਮਾਇਆ ਕਰ।
ਕਿੱਕਰ ਕੰਡੇ ਚੋਭਾਂ, ਧੁੱਪਾਂ ਜਦ ਬਰਪਣ
ਠੰਢੀ ’ਵਾ ਦਾ ਬੁੱਲ੍ਹਾ ਬਣ ਸਹਿਲਾਇਆ ਕਰ।
ਚਸ਼ਮੇ, ਨਦੀਆਂ, ਰੇਤ, ਸਮੁੰਦਰ, ਲਹਿਰਾਂ ਵੇਖ
ਰਿਸ਼ਤੇ ਨਾਤੇ ਤੂੰ ਵੀ ਕੁੱਝ ਨਿਭਾਇਆ ਕਰ।
ਉਡ ਜਾ ਭੋਲੇ ਪੰਛੀ ਪਿੰਜਰਾ ਖੁੱਲ੍ਹਾ ਹੈ
ਡਰਕੇ ਵਾਪਸ ਅੰਦਰ ਨਾ ਵੜ ਜਾਇਆ ਕਰ।
ਹਰੇ ਭਰੇ ਰੁੱਖਾਂ ਨੂੰ ਏਦਾਂ ਕੱਟ ਵੱਢ ਕੇ
ਮਾਂ ਧਰਤੀ ਦੇ ਦਿਲ ਨੂੰ ਨਾ ਤੜਪਾਇਆ ਕਰ।
ਕਾਲ਼ੀ ਬੋਲ਼ੀ ਰਾਤ ਲਮੇਰੀ, ਝੱਖੜ ਮੀਂਹ
ਆ ਕੇ ਯਾਰ ਤੂੰ ਬੂਹਾ ਤਾਂ ਖੜਕਾਇਆ ਕਰ।
ਛੱਡ ਦੇ ਭੀੜਾਂ ਵੱਖਰੇ ਰਾਹ ਬਣਾ ‘ਉੱਪਲ’
ਲੋਕਾਂ ਲਈ ਦੁੱਮਛੱਲਾ ਨਾ ਅਖਵਾਇਆ ਕਰ।