ਸਾਡਾ ਕਾਹਦਾ ਸਾਵਣ ਏ ਦਿਲ ਵਿੱਚ ਅੱਗ ਹਾੜ ਦੀ ਬਲਦੀ।
ਗਰਮ ਹਵਾਵਾਂ ਹਿਜ਼ਰ ਦੀਆਂ ਕਿਤੇ ਨਾ ‘ਵਾ ਪੁਰੇ ਦੀ ਚੱਲਦੀ।
ਮੋਰਾਂ ਤੇ ਕੋਇਲਾਂ ਦੀ ਕੂ-ਕੂ ਸੀਨੇ ਤੀਰ ਚਲਾਵੇ।
ਵੰਝਲੀ ਅੱਜ ਰੋਂਦੀ ਏ ਕੋਈ ਰਹਿਬਰ ਆ ਕੇ ਹੀਰ ਮਿਲਾਵੇ।
ਪਿਆਰਾਂ ਦੇ ਗੁਲਸ਼ਨ 'ਚ ਨਾ ਦਿਸੇ ਕਲੀ ਵਸਲ ਦੀ ਫ਼ਲਦੀ।
ਸਾਡਾ ਕਾਹਦਾ ਸਾਵਣ ਏ........
ਹੌਕੇ ਤੇ ਹਾਵਾਂ ਦਾ ਝੱਖੜ ਜਿੰਦ 'ਤੇ ਹੋਇਆ ਭਾਰੂ।
ਵਾਂਗ ਸੱਸੀ ਬਿਨ ਪੁੰਨੂ ਜਿਵੇਂ ਰੋਂਦੀ ਵਿੱਚ ਥਲ ਮਾਰੂ।
ਹਾਲ ਵਿਛੜੀ ਕੂੰਜ ਵਾਂਗੂੰ ਜਿਹੜੀ ਡਾਰ ਵਿੱਚ ਨਹੀਂ ਰਲਦੀ।
ਸਾਡਾ ਕਾਹਦਾ ਸਾਵਣ ਏ........
ਪਿੱਪਲੀ ਦੀ ਪੀਂਘ ਜਾਪੇ ਜਿਵੇਂ ਫ਼ਾਂਸੀ 'ਤੇ ਚੜ੍ਹ ਜਾਣਾ ।
ਬਿਨ ਮਾਹੀਏ ਇਸ ਰੁੱਤੇ ਤਨਹਾ ਰੋਂਦਿਆਂ ਹੀ ਮਰ ਜਾਣਾ।
ਰੱਬ ਜਾਣੇ ਕਿਸਮਤ 'ਚੋਂ ਕਿਉਂ ਨਹੀਂ ਘੜੀ ਤੜਪ ਦੀ ਟਲਦੀ।
ਸਾਡਾ ਕਾਹਦਾ ਸਾਵਣ ਏ.......
ਅੱਖੀਆਂ ਵਿੱਚ ਸਾਵਣ ਏ ਫਿਰ ਵੀ ਰੂਹ ਮੇਰੀ ਤਿਰਹਾਈ।
ਦਿਲ ਤਰਸੇ ਦੀਦ ਤੇਰੀ ਛੇਤੀ ਆ ਜਾ ਓ ਹਰਜਾਈ।
ਪਲ ਦੋ ਪਲ ਜੀਵਨ ਏ "ਓਠੀ' ਆਸ ਨਹੀਂ ਕੋਈ ਕੱਲ੍ਹ ਦੀ।
ਸਾਡਾ ਕਾਹਦਾ ਸਾਵਣ ਏ ਦਿਲ ਵਿੱਚ ਅੱਗ ਹਾੜ ਦੀ ਬਲਦੀ ।
ਗਰਮ ਹਵਾਵਾਂ ਹਿਜ਼ਰ ਦੀਆਂ ਕਿਤੇ ਨਾ 'ਵਾ ਪੁਰੇ ਦੀ ਚੱਲਦੀ।