ਸਾਡਾ ਮਾਸ ਨੋਚਕੇ

ਸਾਡਾ ਮਾਸ ਨੋਚਕੇ ਉੱਚਾ ਖੜਿਆ ਇੱਲਾਂ ਨੇ॥

ਸਾਨੂੰ ਪੈਰ-ਪੈਰ ਤੇ ਪਰਖਿਆ ਤੱਤੇ ਕਿੱਲਾਂ ਨੇ॥

ਹੋਏ ਦੋ-ਫਾੜ ਸਾਂ ਅਸੀਂ ਆਰੇ ਦੇ ਦੰਦਿਆਂ ਤੋਂ॥

ਛਿਲਤਾਂ ਬਣਕੇ ਲੱਥੇ ਮਾਸ ਅਸਾਂ ਦੇ ਰੰਦਿਆਂ ਤੋਂ॥

ਝੂਟਾ ਫਿਰ ਲਿਆ ਸੀ ਜਾ ਕੇ ਖੂਨੀ ਚਰਖੀ ਦਾ॥

ਸੁਣ ਨੀ ਤੱਤੀਏ ਬਹੁਤਾ ਆਸ਼ਕ ਨੂੰ ਨੀਂ ਪਰਖੀ ਦਾ॥

ਛਾਲੇ-ਛਾਲੇ ਕੀਤਾ ਕਦੇ ਉੱਬਲਦੀਆਂ ਦੇਗ਼ਾਂ ਨੇ॥

ਕੀਤਾ ਨਮਸ਼ਕਾਰ ਸੀ ਕਿਤੇ ਅਸਾਂ ਨੂੰ ਤੇਗ਼ਾਂ ਨੇ॥

ਤਵੀਆਂ ਉੱਤੇ ਚੌਕੜੇ ਮਾਰੇ ਅਸਾਂ ਨੇ ਹੱਸ ਹੱਸਕੇ॥

ਖਿੱਚੇ ਮਾਸ ਜ਼ਮੂਰਾਂ ਨੇ ਅਸਾਂ ਦੇ ਕੱਸ ਕੱਸਕੇ॥

ਰੂੰ ਦੀ ਅੱਗ ਨੇ ਸਾੜਿਆ ਸਾਨੂੰ ਬੰਨ੍ਹਕੇ ਜੰਡਾਂ ਨਾਂ॥

ਪਾਏ ਮੁੱਲ ਸਿਰਾਂ ਦੇ ਸਨ ਨੋਟਾਂ ਦੀਆਂ ਪੰਡਾਂ ਨਾਂ॥

ਕਿਧਰੇ ਖੋਪਰ ਸਨ ਉਤਾਰੇ ਤਿੱਖੀਆਂ ਰੰਬੀਆਂ ਨੇ॥

ਸਾਡੇ ਲਹੂ ਨਚੌੜੇ ਸੰਘਣੇ ਖੂਨੀ ਬੰਬੀਆਂ ਨੇ॥

ਪਿਊ ਦੇ ਮੁੱਖ 'ਚ ਤੁੰਨਿਆਂ ਗਿਆ ਦਿਲ ਸੀ ਬੱਚੇ ਦਾ॥

ਸੀਨਾਂ ਨੇਜ਼ੇ ਨਾਲ  ਪ੍ਰੋਇਆ ਉਮਰੋਂ ਕੱਚੇ ਦਾ॥

ਕਿਧਰੇ ਗ਼ਲਾਂ 'ਚ ਹਾਰ ਪਵਾਏ ਸਿਦਕੀ ਮਾਂਵਾਂ ਨੇ॥

ਨੇਜ਼ਿਆਂ ਉੱਤੇ ਲਾਲ ਟੰਗਾਏ ਸਿਦਕੀ ਮਾਂਵਾਂ ਨੇ॥

ਨਿੱਕਾ-ਨਿੱਕਾ ਟੁੱਕਿਆ ਸਾਨੂੰ ਦੀਨ ਕਬੂਲਣ ਲਈ॥

ਸਾਡੇ ਸਿਰ ਉਤਾਰੇ ਚੋਖਾ ਇਨਾਮ ਵਸੂਲਣ ਲਈ॥

ਨੀਹਾਂ ਦੇ ਵਿੱਚ ਚਿਣਿਆਂ ਸਾਡੀ ਹੋਂਦ ਮਿਟਾਂਵਣ ਨੂੰ॥

ਸੌਂਹਾ ਖਾ ਕੇ ਮੁਕਰੇ ਜ਼ਾਲਮ ਕੁਫ਼ਰ ਕਮਾਂਵਣ ਨੂੰ॥

ਉਹ ਤਾਂ ਪੂਜੇ ਜਾਦੇ ਰਜ਼ਾ ਉਹਦੀ ਵਿੱਚ ਰਾਜ਼ੀ ਜੋ॥

ਉਹਦਾ ਨਾਂ" ਨੀਂ ਰਹਿੰਦਾ ਜੱਗ ਤੇ 'ਸੱਤਿਆ' ਪਾਜ਼ੀ ਜੋ॥

📝 ਸੋਧ ਲਈ ਭੇਜੋ