ਨਵਾਂ ਪਾਸਪੋਰਟ ਬਣਕੇ ਆਇਆ ਹੈ
ਹਿਤੂ ਹਿਤੈਸ਼ੀ ਸਲਾਹ ਦਿੰਦੇ ਨੇ
ਹੁਣ ਪਾਕਿਸਤਾਨ ਦਾ ਵੀਜ਼ਾ ਨਾ ਲਗਵਾਉਣਾ
ਤੁਹਾਡਾ ਪੁਰਾਣਾ ਪਾਸਪੋਰਟ ਲਾਹੌਰ ਦੇ
ਵੀਜ਼ਿਆਂ ਨਾਲ਼ ਵਿੰਨ੍ਹਿਆ ਪਿਆ ਸੀ
ਵਲੈਤੀ ਦੇਸ਼ਾਂ ਦਾ ਵੀਜ਼ਾ ਨਹੀਂ ਜੇ ਲੱਗਣਾ
ਮੈਂ ਆਹਨਾਂ
ਵਲੈਤ ਪਿੱਛੇ
ਆਪਣੇ ਪੁਰਖਿਆਂ ਦੀ ਧਰਤੀ ਤੇ ਨਈਂ ਨਾ
ਛੱਡੀ ਜਾ ਸਕਦੀ
ਖ਼ਸਮਾਂ ਨੂੰ ਖਾਣ ਵਲੈਤ ਵਾਲ਼ੇ
ਓਹ ਜਾਣੇ
ਮੈਂ ਤਾਂ ਜਾਊਂ
ਆਪਣੇ ਪਿਤਰਾਂ ਦੀ ਧਰਤੀ ‘ਤੇ
ਆਪਣੇ ਬਾਬੇ ਦੇ ਨਨਕਾਣੇ
ਜਿੱਥੋਂ ਸਾਡਾ ਸੂਰਜ ਪ੍ਰਗਟ ਹੋਇਆ ਸੀ
ਸਾਡਾ ਸੂਰਜ ਲਹਿੰਦੇ ਤੋਂ ਚੜ੍ਹਦਾ ਏ…