ਕੋਈ ਯਾਦ ਮਾਹੀ ਨੂੰ ਆਵੇਗਾ। 

ਕਦੇ ਥਲ ਵਿਚ ਤੰਬੂ ਲਾਵੇਗਾ।

ਹਫ ਟੁੱਟਦੇ ਤਾਰੇ ਜਾਨਾਂ ਦੇ 

ਰੋਹ ਪੈੜਾਂ ਹੇਠ ਤੂਫ਼ਾਨਾਂ ਦੇ 

ਉਹ ਅੱਥਰੂ ਵਰਗੀਆਂ ਛਾਵਾਂ ਨੂੰ 

ਚਿਰ ਮੋਇਆਂ ਸੰਗ ਜਗਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਜਮ-ਕੰਦਰਾ ਦੇ ਵਿਚ ਸਿੰਧ ਕੋਈ 

ਸਭ ਕਾਲ-ਰਗਾਂ ਵਿਚ ਬਿੰਦ ਕੋਈ, 

ਚੁੱਪ ਕਬਰੀਂ ਖੜੀਆਂ ਭੈਣਾਂ ਨੂੰ 

ਕਿਸੇ ਫ਼ਜਰ ਦਾ ਤੀਰ ਛੁਹਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਜਦ ਸੁੰਨ ਚੜ੍ਹੇਗੀ ਸਾਹਾਂ 'ਤੇ 

ਜਦ ਦਰਦ ਰਿਹਾ ਰਾਹਾਂ 'ਤੇ 

ਉਹ ਗੁਮਨਾਮੀ ਦੋ ਪਿੰਜਰਾਂ 'ਤੇ 

ਖੰਭ ਤਾਰਿਆਂ ਦੇ ਲਟਕਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਥੰਮ੍ਹ ਚੜ੍ਹਦੀ ਉਮਰ ਦੇ ਨੀਰਾਂ ਨੂੰ 

ਦੇ ਥਲ ਦੀ ਵਾਗ ਫ਼ਕੀਰਾਂ ਨੂੰ 

ਉਹ ਝਿੰਮ ਝਿੰਮ ਕਰਦੀਆਂ ਨਾਰਾਂ ਨੂੰ 

ਕੁਝ ਬਾਂਹ ਫੜ ਕੇ ਸਮਝਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਵਿਚ ਪਰਲੋਂ ਬੈਠਾ ਰਿੰਦ ਕੋਈ 

ਵਣ ਹਰੇ ਹਰੇ ਵਿਚ ਜਿੰਦ ਕੋਈ 

ਉਹ ਪਾਂਧੀ ਸੁੰਨ ਚਿਰਾਂ ਦੀ ਤੇ 

ਹੱਥ ਸਿਖਰ ਦੁਪਹਿਰ ਨੂੰ ਲਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਭਿੰਨੀ ਰੈਣ ਦੀ ਨਜ਼ਰ ਰਹੀ 

ਖੜ ਕਾਲ ਦੇ ਸੀਨੇ ਕਬਰ ਰਹੀ 

ਉਹ ਮੌਤ ਤੋਂ ਪਰਲੀਆਂ ਫ਼ਜਰਾਂ ਤਕ 

ਕੰਦਰਾਵਾਂ ਤੋੜਦਾ ਜਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਕੰਨਸੋਆਂ ਜਹੇ ਪਰ ਕੂੰਜਾਂ ਦੇ 

ਸੁਪਨ ਬਿਜਲੀਆਂ, ਵਣ ਬੂੰਦਾਂ ਦੇ 

ਕਲਵਲ ਤਪਦੇ ਅੰਬਰ ਦੇ ਵੱਲ 

ਬਾਜ਼ ਸਿਤਾਰੇ ਚਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਮੁੱਢ ਕਦੀਮ ਸੁੰਨ ਦੀਆਂ ਗੱਲਾਂ 

ਮੁੜੀਆਂ ਸੁਨਣ ਲਈ ਕੁਝ ਛੱਲਾਂ, 

ਬਲੀ ਪਰਬਤਾਂ ਦਾ ਬੁੱਤ ਖਾਰਾ 

ਇਕ ਤਿੜ ਲਈ ਕੁਰਲਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ।

ਦਲ ਰੂਹਾਂ ਦਾ ਕੂੰਦੇਗਾ 

ਥਲ-ਨਦੀਆਂ ਦੇ ਵਿਚ ਗੂੰਜੇਗਾ, 

ਮੋਹ ਛੋੜ ਕੇ ਸੋਹਣੀਆਂ ਥਾਵਾਂ ਦੇ 

ਕੋਈ ਦੂਰ ਦੁਰੇਡੇ ਜਾਵੇਗਾ, 

ਕੋਈ ਯਾਦ ਮਾਹੀ ਨੂੰ ਆਵੇਗਾ। 

ਕਦੇ ਥਲ ਵਿਚ ਤੰਬੂ ਲਾਵੇਗਾ।

📝 ਸੋਧ ਲਈ ਭੇਜੋ