ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ।
ਇੰਜੀਨੀਅਰ ਮਿਣਤੀ ਕਰੀ ਜਾਂਦੇ, ਲੋਕ ਤਮਾਸ਼ਾ ਵੇਖਦੇ।
ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ਼ ਦੱਸ ਰਹੀ ਸੀ।
ਮੈਂ ਵਧਣ ਲੱਗੀ ਹਾਂ, ਹੁਣ ਮੈਂ ਚੌੜੀ ਹੋ ਬਹਿਣਾ।
ਤੁਸੀਂ ਕੱਟੇ ਜਾਣਾ ਹੈ, ਤੁਹਾਡੇ ’ਚੋਂ ਇੱਕ ਨਹੀਂ ਰਹਿਣਾ।
ਮੁੱਕ ਪੰਛੀ ਰੌਲ਼ਾ ਜਾਣਾ, ਦੱਸ ਉਹ ਨੱਚ ਰਹੀ ਸੀ।
ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ।
ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ਼ ਦੱਸ ਰਹੀ ਸੀ ।
ਆਹ ਜਿਹੜਾ ਬੋਹੜ ਚੰਦਰਾ ਹੈ, ਮੌਤ ਦੇ ਰਾਹ ’ਚ ਜਿੰਦਾ ਸੀ।
ਇਹ ਸਾਹਾਂ ਦਾ ਵਪਾਰੀ ਹੈ, ਬੰਦੇ ਨੂੰ ਆਕਸੀਜਨ ਦੇਂਦਾ ਸੀ।
ਤੁਹਾਡਾ ਠੇਕਾ ਵੱਜੇਗਾ, ਜਿਹੜਾ ਜ਼ਿਆਦਾ ਪੈਸੇ ਦੇਊ।
ਉਹੀ ਤੁਹਾਨੂੰ ਵੱਢੇਗਾ, ਜ਼ਿੰਦ ਤੁਹਾਡੀ ਫਸ ਗਈ ਜੀ।
ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ।
ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ ਦੱਸ ਰਹੀ ਸੀ।
ਨਾਲ਼ੇ ਆਹ ਨਿੰਮ ਜਿਹੜੀ, ਬੰਦੇ ਦੇ ਜ਼ਖ਼ਮਾਂ ਤੇ ਮਰਦੀ ਸੀ।
ਓਹੀ ਵੱਢਣਗੇ ਇਹਨੂੰ, ਜਿਨ੍ਹਾਂ ਦੀ ਬਣਦੀ ਦਰਦੀ ਸੀ।
ਕੋਲ਼ੋਂ ਦੀ ਸਰਬ ਲੰਘੀ ਜਦ, ਮਾਰੇ ਉਸਨੂੰ ਵੀ ਮਿਹਣੇ ਮੈਂ।
ਜੋ ਮਰਦੀ ਹੈ ਕੁਦਰਤ ਤੇ, ਤੋੜ ਉਹਦੇ ਖੁਆਬ ਦੇਣੇ ਨੇ।
ਸੁਣ ਤੁਹਾਡੇ ਕੱਟਣ ਦੀ ਗੱਲ, ਪੈ ਉਸ ਗਸ਼ ਗਈ ਜੀ।
ਘਰ ਅੱਗੇ ਵਗਦੀ ਸੜਕ, ਖਿੜ-ਖਿੜ ਹੱਸ ਰਹੀ ਸੀ।
ਰੁੱਖ ਰੋਈ ਜਾਂਦੇ ਸੀ, ਫ਼ਖ਼ਰ ਨਾਲ ਦੱਸ ਰਹੀ ਸੀ।
ਮੈਂ ਬੰਦੇ ਦੀ ਨਹੀਂ ਬਣਨਾ, ਜਿਸਨੇ ਮੈਨੂੰ ਹੈ ਘੜਨਾ।
ਮੈਂ ਕਾਲ਼ੀ ਸ਼ਾਹ ਹੋ ਜਾਣਾ, ਬੰਦੇ ਨੂੰ ਕਬਰ ਤੱਕ ਖੜਨਾ।
ਇਹ ਆਪੇ ਆਪਣੇ ਪੈਰਾਂ ’ਤੇ, ਕੁਹਾੜੇ ਮਾਰੀ ਜਾਂਦੇ ਨੇ।
ਮੇਰੇ ਹਾਸੇ ’ਤੇ ਨਾ ਜਾਇਓ, ਮੈਂ ਅੰਦਰੋਂ ਮੱਚ ਗਈ ਜੀ।
ਰੁੱਖ ਰੋਈ ਜਾਂਦੇ ਸੀ, ਬੰਦੇ ਦੇ ਮਾੜੇ ਦਿਨਾਂ ਦੀ ਸੋਚ
ਸੜਕ ਜਦ ਆਪਣਾ ਦੁੱਖੜਾ, ਉਹਨਾਂ ਨੂੰ ਦੱਸ ਰਹੀ ਸੀ।