1 ਸੜਕ ਕਿਨਾਰੇ ਰੋੜੀ ਕੁੱਟਦੀ ਘਸਿਆ ਸੂਟ ਪਾਈ
ਮੁੜ੍ਹਕੋ ਮੁੜ੍ਹਕੀ ਹੋਈ ਧੁੱਪ ਨਾਲ ਸੜੀ ਚਮੜੀ
ਦੂਰ ਖੇਤ ਦੀ ਆੜ ਵਿੱਚ ਪਿਆ ਬਾਲ
ਜ਼ਾਰ ਜ਼ਾਰ ਰੋਂਦਾ
ਬੱਚੇ ਨੂੰ ਚੁੱਪ ਕਰਾਉਂਦੀ ਦੂਰੋਂ ਹੀ ਤੇ ਰੋੜੀ ਕੁੱਟੀ ਜਾਂਦੀ
2 ਸੜਕ ਤੇ ਕਾਰ ਵਿੱਚ ਦੋ ਮੇਮ ਸਾਹਿਬ
ਗੱਲਾਂ ਕਰਦਿਆਂ ਮਰਦਾਂ ਦੀ ਜ਼ੁਲਮ ਦੀਆਂ
ਚਲਾਉਣ ਵਾਲੀ ਡਰਦੀ ਪਤੀ ਦੀ ਕਾਰ ਤੇ ਕੋਈ ਨਿਸ਼ਾਨ ਨਾ ਪੈ ਜਾਵੇ
ਦੂਜੀ ਚਿਹਰੇ ਤੇ ਵੱਜੀ ਰਾਤ ਦੀ ਚਪੇੜ ਦੇ ਨਿਸ਼ਾਨ ਨੂੰ ਬਲੱਸ਼ਰ ਲਾ ਕੇ ਲੁਕਾਉਂਦੀ
3 ਦਫ਼ਤਰ ਵਿੱਚ ਸਹਾਇਕ ਅਫ਼ਸਰ ਆਪਣੇ ਸੀਨੀਅਰ ਦੇ ਬੁਲਾਉਣ ਤੇ ਕੈਬਿਨ ਵਿੱਚ ਜਾਣ ਤੋਂ ਝਿਜਕਦੀ
ਥਾਂ ਕੁਥਾਂ ਹੱਥ ਲਾਉਂਦਾ
ਬਹਾਨੇ ਨਾਲ ਅਫ਼ਸਰ
ਉਹ ਘੁੱਟਦੀ ਚੁੱਪ ਰਹਿੰਦੀ
4 ਸੜਕ ਤੇ ਜਾਂਦਿਆਂ ਕਾਲਜ ਦੀਆਂ ਕੁੜੀਆਂ
ਫਿਕਰੇ ਕੱਸ ਦੀ ਮਨਚਲੇ
ਡਰਦੀਆਂ ਤੇਜ਼ ਤੁਰਨ ਲੱਗਦੀਆਂ
5 ਘਰ ਦੇ ਬਾਹਰ ਖੇਡਦੀ ਚਾਰ ਵਰ੍ਹਿਆਂ ਦੀ ਬਾਲੜੀ
ਨਜ਼ਰ ਨਾ ਆਉਂਦੀ ਤਾਂ ਮਾਂ ਪ੍ਰੇਸ਼ਾਨ ਹੋ ਲੱਭਣ ਲੱਗਦੀ
ਮਨ ਵਿਚ ਤੌਖ਼ਲਾ ਜਿਹਾ ਰਹਿੰਦਾ
ਕਿਤੇ ਕੋਈ ਭਾਣਾ ਨਾ ਵਾਪਰ ਜਾਵੇ
6 ਪ੍ਰੇਮਿਕਾ ਹਰ ਵੇਲੇ ਫੱਬਣ ਦੀ ਕੋਸ਼ਿਸ਼ ਕਰਦੀ
ਦਰਦੀ ਕਿਤੇ ਪ੍ਰੇਮੀ ਛੱਡ ਨਾ ਚਲਾ ਜਾਏ
7 ਬਿਮਾਰ ਪਤਨੀ ਸਰੀਰਕ ਯਾਤਨਾ ਤੋਂ ਡਰਦੀ
ਅੱਖਾਂ ਬੰਦ ਕਰ ਸੁੱਤੇ ਹੋਣ ਦਾ ਨਾਟਕ ਕਰਦੀ
ਪਤੀ ਨਾਲ ਹਮਬਿਸਤਰ ਹੋਣ ਤੋਂ ਬਚਣ ਲਈ
ਇਹ ਸਭ ਹਰ ਪਲ ਵਾਪਰ ਰਿਹਾ ਹੈ
ਫਿਰ ਵੀ ਤੁਹਾਨੂੰ
ਮਹਿਲਾ ਦਿਵਸ ਦੀਆਂ ਮੁਬਾਰਕਾਂ