ਸਾਡੇ ਘਰ ਦਾ ਅੰਬਰ
ਇਹੀ ਸੀ ਨਿੱਕਾ ਜੇਹਾ
ਮੇਰੀ ਦੁਨੀਆਂ ਏਥੋਂ ਸ਼ੁਰੂ ਹੋਈ ਸੀ
ਜਗਦੇ ਬੁਝਦੇ
ਤਾਰਿਆਂ ਦੀ ਗਿਣਤੀ ਕਰਦੀ
ਜਿੱਥੇ ਉਮਰ ਦੀਆਂ
ਗੂੜ੍ਹੀਆਂ ਨੀਂਦਾਂ ਸੁਪਨੇ
ਘੂਕ ਸੁੱਤੇ ਪਏ ਨੇ
ਹੁਣ ਜਦ ਕਦੇ ਜਾਂਦਾ ਹਾਂ
ਤਾਂ ਕਈਆਂ ਨੂੰ ਕੁਤਕੁਤਾਰੀਆਂ ਕੱਢ ਕੱਢ ਜਗਾ ਲੈਂਦਾ ਹਾਂ
ਉਹ ਹੱਸਦੇ
ਤੇ ਮੇਰੇ ਪਲ ਡੁਸਕਣ ਲੱਗਦੇ
ਇਸੇ ਚੁਬਾਰੇ ਨੇ
ਸਾਨੂੰ ਭੈਣਾਂ ਭਰਾਵਾਂ ਨੂੰ ਸਕੂਲੇ ਘੱਲਿਆ
ਫੱਟੀ ਤੇ ਝੋਲਾ ਦੇ ਕੇ ਟਾਕੀਆਂ ਵਾਲਾ ਰੰਗ ਬਰੰਗਾ
ਏਥੇ ਹੀ ਸਾਰੇ ਪਰਿਵਾਰ ਦੇ ਮੰਜ਼ੇ
ਮੀਹਾਂ ਵਿਚ ਭਿੱਜੇ ਵਿੰਗ ਤੜਿੰਗੇ
ਪਹਿਲਾਂ ਤਿੰਨ ਪਾਵਿਆਂ ਤੇ
ਡਾਰ ਚ ਡੱਠਦੇ
ਫਿਰ ਸਾਡੇ ਦੁੜੰਗੇ ਛਾਲਾਂ
ਉਹਨਾਂ ਨੂੰ ਚੌਥੇ ਪਾਵੇ ਦੇ
ਸਹਾਰੇ ਬਖਸ਼ਦੀਆਂ ਸਨ
ਏਥੇ ਹੀ
ਦਿਨ ਭਰ ਦੇ ਥਕੇਵੇਂ ਵਿਛਾ ਕੇ
ਅਸੀਂ ਸਾਰੇ ਫ਼ਾਰਗ਼ ਹੁੰਦੇ
ਏਸੇ ਛੱਤ ਤੇ
ਅਸੀਂ ਛੱਲੀਆਂ ਕਪਾਹਾਂ ਮਿਰਚਾਂ
ਤੇ ਖ਼ਬਰੇ ਕੀ ਕੀ ਸੁੱਕਣੇ ਪਾਇਆ
ਇਹੀ ਅਜੂਬਾ ਹੈ ਮੇਰਾ
ਜਿੱਥੇ ਬਚਪਨ ਜਵਾਨੀ ਦੇ
ਕਈ ਗਿੱਲੇ ਸਾਲ ਧੁੱਪੇ ਪਾਏ
ਅਜੇ ਤੀਕ ਨਾ ਸੁੱਕੇ
ਆਉਣ ਵਾਲੇ
ਵਿਆਹ ਮੇਲੇ ਦਿਨ ਤਿਉਹਾਰ
ਤਾਰੀਕਾਂ ਏਸੇ ਯਾਦਗਾਰੀ ਜਗ੍ਹਾ ਤੇ
ਚੇਤੇ ਕਰਦੇ
ਚਾਵਾਂ ਨਾਲ ਉਡੀਕਦੇ ਉਹ ਦਿਨ
ਬੀ ਜੀ ਦੀਆਂ ਹਾਸੇ ਦੀਆਂ ਗੱਲਾਂ
ਤੇ ਕਈਆਂ ਦੀਆਂ ਸਾਂਗਾਂ ਲਾਉਣ ਤੇ
ਲੋਟ ਪੋਟ ਹੁੰਦੇ
ਪਿੰਡ ਦੇ ਬੰਦਿਆਂ ਬੁੱਢੀਆਂ ਦੀਆਂ
ਗੱਲਾਂ ਹੁੰਦੀਆਂ
ਹਰੇਕ ਦੇ ਸੁਬਾਹ ਦੀ ਚਰਚਾ ਛਿੜਦੀ
ਤੁਰ ਗਿਆਂ ਨੂੰ
ਯਾਦ ਕਰਦੇ
ਰਾਤਾਂ ਕਦੇ ਹੱਸਦੀਆਂ ਕਦੇ ਰੋਂਦੀਆਂ
ਵੰਡ ਵੇਲੇ ਦੇ ਦੰਗਿਆਂ ਦੀਆਂ ਗੱਲਾਂ ਸੁਣ ਸੁਣ
ਏਥੇ ਹੀ ਬੀਜੀ ਦਾਦੀ ਭੈਣਾਂ
ਬਾਤਾਂ ਪਾਉਂਦੀਆਂ ਹੁੰਦੀਆਂ ਸਨ
ਲੰਮੀਆਂ ਲੰਮੀਆਂ ਤੇ
ਸਾਡੇ ਹੁੰਗਾਰੇ ਅੱਧਵਾਟੇ ਹੀ ਸੌਂ ਜਾਂਦੇ
ਪਿਛਲੀ ਵਾਰ ਗਿਆ
ਬੀ ਜੀ ਦੇ ਗੀਤ ਲੋਰੀਆਂ ਗਾਉਂਦੇ ਸਨ
ਪਰ ਬੀਜੀ ਕਿਤੇ ਛੁਪ ਗਏ ਸਨ
ਮੈਂ ਉਨ੍ਹਾਂ ਦੇ ਹੱਥਾਂ ਦੀ ਛੁਹ
ਚਰਖੇ ਦੀ ਚੁੱਪ ਘੂਕਰ ਚੋਂ ਫ਼ੜੀ
ਬੀਜੀ ਦੇ ਹੱਥਾਂ ਚ
ਮੱਕੀ ਦਾ ਚੰਦ ਗੋਲ ਹੁੰਦਾ ਤੱਕਿਆ
ਚਾਟੀ ਚੋਂ ਬੀਜੀ ਨੇ
ਅੱਧਰਿੜਕਾ ਪਿਆਇਆ
ਮਧਾਣੀ ਦਾ ਸਾਜ ਵਜਾ
ਗੀਤ ਸੁਣਾਇਆ
ਫਿਰ ਪਾਠ ਕਰਦੀ
ਝਾੜੂ ਫੇਰਦੀ
ਪਤਾ ਨਹੀਂ ਕਿੱਥੇ ਅਲੋਪ ਹੋ ਗਈ
ਅੱਜ ਤੀਕ ਨਾ ਲੱਭੀ
ਮੈਂ ਸਾਰਾ ਅਰਸ਼ ਦੁਨੀਆਂ
ਗਾਹ ਥੱਕ ਬੈਠਾ ਹਾਂ
ਮਾਂ ਨਾ ਲੱਭੀ
ਤੇ ਨਾ ਉਹਦੇ ਗੀਤ
ਪਰ ਕਦੇ ਕਦੇ
ਚੰਦ ਤੇ ਉਹ ਸੰਸਾਰ ਚਰਖਾ ਕੱਤਦਾ
ਮੇਰੇ ਲਈ ਗੀਤ ਗਾਉਂਦਾ
ਨਜ਼ਰੀਂ ਪੈਂਦਾ ਹੈ