ਸਾਡੇ ਵਿਹੜੇ ਸਾਡੇ ਵਿਹੜੇ ਆ ਮਾਹੀਆ
ਇਹ ਰਾਤ ਸੁਹਾਣੀ ਏ ।
ਇੰਜ ਤੁਰੀਆਂ ਖੁਸ਼ਬੋਈਆਂ ਵੇ ਜੀਕਣ
ਤੇਰੀਆਂ ਮੇਰੀਆਂ ਗੱਲਾਂ
ਹਿੱਕ ਵਿੱਚ ਪੈਣ ਉਛਾਲ ਵੇ ਮਾਹੀਆ
ਸਾਗਰ ਦੇ ਵਿੱਚ ਛੱਲਾਂ
ਬਿਰਹੋਂ ਦੀ ਦਾਤ ਵਡੇਰੀ ਵੇ
ਸਾਡੀ ਜਿੰਦ ਨਿਮਾਣੀ ਏ
ਪੁੰਨਿਆਂ ਦਾ ਚਾਨਣ ਖਾਕ ਮੇਰੀ ਤੇ
ਗੀਤ-ਜਹੇ ਲੱਖ ਧੂੜੇ
ਦਿਲ ਸਾਡੇ ਵਿੱਚ ਦਰਦ ਸਚਾਵਾਂ
ਰੰਗ ਹਿਜਰ ਦੇ ਗੂੜ੍ਹੇ
ਪੁੰਨਿਆਂ 'ਚ ਡੋਲ੍ਹ ਨ ਬੈਠਾਂ ਵੇ
ਜੋ ਤੇਰੀ ਨਿਸ਼ਾਨੀ ਏ
ਹਿਜਰ ਤੇਰੇ ਦਾ ਬਾਲ ਕੇ ਦੀਵਾ
ਕੁੱਲ ਆਲਮ ਰੁਸ਼ਨਾਏ
ਹਰ ਮੁਸ਼ਕਿਲ ਨੂੰ ਯਾਦ ਤੇਰੀ ਦੀ
ਲੋਅ ਵਿੱਚ ਰਾਹ ਮਿਲ ਜਾਏ
ਬਾਝ ਤੇਰੇ ਅਸਾਂ ਨ੍ਹੇਰੇ ਦੀ ਹਰ
ਲਿਸ਼ਕ ਸਿਞਾਣੀ ਏ
ਲੱਖ ਦਾਤਾਂ ਨੂੰ ਝੋਲ 'ਚ ਪਾ ਕੇ
ਦਿਲ ਨਾਸ਼ੁਕਰਾ ਰੋਏ
ਕਦੀ ਕਦੀ ਜਦ ਫੁੱਲ ਪੁੰਨਿਆਂ ਦਾ
ਤਨ ਮਨ ਨੂੰ ਖੁਸ਼ਬੋਏ
ਅੱਜ ਪੁੰਨਿਆਂ ਕਲ੍ਹ ਪੁੰਨਿਆਂ ਨ,
ਇਹ ਕੀ ਰੁੱਤ ਜਵਾਨੀ ਏ