ਸਾਡੇ ਵਿਹੜੇ ਆਵੇ ਨਾਨਕ
ਚੰਨ ਮੁਖੜਾ ਦਿਖਲਾਵੇ ਨਾਨਕ
ਬੂਹਾ ਖੋਲੀ ਬੈਠੀ ਹੋਈਆਂ
ਸਤ ਕਰਤਾਰ ਬੁਲਾਵੇ ਨਾਨਕ
ਬਿਰਹੋਂ ਮਾਰੀ ਮਾਤ ਸੁਲੱਖਣ
ਪੁੱਤਰਾਂ ਨੂੰ ਗਲ ਲਾਵੇ ਨਾਨਕ
ਰੱਬ ਜੀ ਵਰਗਾ ਵੀਰਾ ਮੇਰਾ
ਸਭ ਦੀ ਆਸ ਪੁਗਾਵੇ ਨਾਨਕ
ਨੱਚਾਂ ਟੱਪਾਂ ਗਿੱਧੇ ਪਾਵਾਂ
ਮੇਰੀ ਪੱਕੀ ਖਾਵੇ ਨਾਨਕ
ਔਰਤ ਸੀ ਸ਼ੈ ਦੱਬੀ ਕੁਚਲੀ
ਰੱਬ ਤੋਂ ਬਾਅਦ ਬਠਾਵੇ ਨਾਨਕ
ਝੂਠੇ ਭੋਜਨ ਰਸ ਕਸ ਛੱਡ ਕੇ
ਸੁੱਚੀ ਰੋਟੀ ਖਾਵੇ ਨਾਨਕ
ਰਬਾਬੀ ਮਰਦਾਨੇ ਨੂੰ ਲੈ
ਧੁਰ ਕੀ ਬਾਣੀ ਗਾਵੇ ਨਾਨਕ
ਮਰਜਾਣਾ ‘ਮਰਦਾ’ ਨਾ ਕਰਕੇ
ਸੱਚੀ ਪ੍ਰੀਤ ਨਿਭਾਵੇ ਨਾਨਕ
ਮਰਦ ਅਗੰਮੜਾ ਸੂਰਾ ਪੂਰਾ
ਸੀਸ ਤਲੀ ਧਰ ਆਵੇ ਨਾਨਕ
ਵੀਹ ਰੁਪਏ ਦੀ ਰਾਸ ਲਗਾ ਕੇ
ਅੱਜ ਤੱਕ ਰੱਜ ਖਲਾਵੇ ਨਾਨਕ
ਰੇਤ, ਸਮੁੰਦਰ, ਪਰਬਤ ਗਾਹ ਕੇ
ਇਕ ਦਾ ਪਾਠ ਪੜ੍ਹਾਵੇ ਨਾਨਕ
ਨਾਮ ਜਪੋ ਤੇ ਕਿਰਤ ਕਰੋ ਸਭ
ਵੰਡ ਛਕਣਾ ਸਿਖਾਵੇ ਨਾਨਕ
ਰਾਮ ਰਹੀਮ ਨੇ ਭਾਈ ‘ਉਪਲ’
ਸਭਨਾਂ ਨੂੰ ਗਲ ਲਾਵੇ ਨਾਨਕ।