ਸਾਧਾਂ ਦੀ ਮੈਂ ਗੋਲੀ

ਸਾਧਾਂ ਦੀ ਮੈਂ ਗੋਲੀ ਹੋਸਾਂ,

ਗੋਲੀਆਂ ਦੇ ਕਰਮ ਕਰੇਸਾਂ

ਚਉਂਕਾ ਫੇਰੀਂ ਮੈਂ ਦੇਈਂ ਬੁਹਾਰੀ,

ਜੂਠੇ ਬਾਸਨ ਧੋਸਾਂ ।ਰਹਾਉ।

ਪਿੱਪਲ ਪਤਿ ਚੁਣੇਂਦੀ ਵੱਤਾ,

ਲੋਕ ਜਾਣੇ ਦੇਵਾਨੀ

ਗਹਿਲਾ ਲੋਕ ਹਾਲ ਦਾ ਮਹਰਮੁ,

ਮੈਨੂੰ ਬਿਰਹੁੰ ਲਗਾਈ ਕਾਨੀਂ ।1।

ਲੋਕਾਂ ਸੁਣਿਆ ਦੇਸਾਂ ਸੁਣਿਆ,

ਹੀਰ ਬੈਰਾਗਨਿ ਹੋਈ

ਇਕੁ ਸੁਣੇਂਦਾ ਲੱਖ ਸੁਣੇ,

ਮੇਰਾ ਕਹਾਂ ਕਰੈਗਾ ਕੋਈ ।2।

ਸਾਵਲ ਦੀ ਮੈਂ ਬਾਂਦੀ ਬਰਦੀ,

ਸਾਵਲ ਮੈਂਹਡਾ ਸਾਂਈਂ

ਕਹੈ ਹੁਸੈਨ ਫ਼ਕੀਰ ਨਿਮਾਣਾ,

ਸਾਂਈਂ ਸਿੱਕਦੀ ਨੂੰ ਦਰਸੁ ਦਿਖਾਈਂ ।3।

📝 ਸੋਧ ਲਈ ਭੇਜੋ