ਸਿੰਜਿਆ ਨੀ ਸਾਡੀ ਧਰਤੀ ਨੂੰ ਸਿੰਜਿਆ
ਸਰਘੀ ਦੀ ਨਿੰਮ੍ਹੀ ਨਿੰਮ੍ਹੀ ਲੋਅ
ਸਿੰਮੀ ਸਿੰਮੀ ਨੀ ਸਾਡੇ ਘਾਵਾਂ ਦੇ ਪੋਟਿਆਂ ਚੋਂ
ਭਿੰਨੀ ਭਿੰਨੀ ਭਿੰਨੀ ਖ਼ੁਸ਼ਬੋ
ਹੌਲੇ ਹੌਲੇ ਨੀ ਹਿੱਲੇ ਪੌਣਾਂ ਦੇ ਅੰਗ
ਜਾਣ ਪੋਲਾ ਪੋਲਾ ਲਗਰਾਂ ਨੂੰ ਛੋਹ
ਕਿਹੜਾ ਦੁਖ ਨੀ ਏਸ ਤੂਤਾਂ ਦੇ ਬੂਟੜੇ ਨੂੰ
ਕੋਈ ਕੋਈ ਪੱਤਾ ਪਵੇ ਹੋ ?
ਉੱਗੀ ਉੱਗੀ ਨੀ ਪਾਰ ਲਵੀ ਲਵੀ ਧੁੱਪ
ਜਿਵੇਂ ਮਨ ਵਿਚ ਮਿੱਠਾ ਮਿੱਠਾ ਮੋਹ
ਹਸੂੰ ਹਸੂੰ ਨੀ ਵੇਖ ਪਾਰ ਦੇ 'ਸਮਾਨ
ਉਹਨਾਂ ਕਾਲਖਾਂ ਨੂੰ ਸੁੱਟਿਆ ਈ ਦੋ
ਸੂਰਜੇ ਦਾ ਮੁਖ ਸਾਨੂੰ ਨਜ਼ਰ ਨ ਆਵੇ
ਵਿਚ ਪਰਬਤ ਰਿਹਾ ਏ ਖਲੋ
ਔਸ ਪਾਰ ਧੁੱਪੜੀ ਤੇ ਐਸ ਪਾਰ ਛਾਂ
ਸਾਡੀ ਜਿੰਦੜੀ ਨੂੰ ਪੈਂਦੀ ਊ ਖੋਹ
ਏਹੋ ਦੁਖ ਨੀ ਏਸ ਤੂਤਾਂ ਦੇ ਬੂਟੜੇ ਨੂੰ
ਕੋਈ ਕੋਈ ਪੱਤਾ ਪਵੇ ਰੋ ।