ਸਾਡੀ ਇੱਕ ਇੱਕ ਰੀਝ ਤੇ

ਸਾਡੀ ਇੱਕ ਇੱਕ ਰੀਝ ਤੇ ਹਰ ਇੱਕ ਖ਼ਾਬ ਯਜ਼ੀਦਾਂ ਹੱਥੀਂ 

ਸਤਲੁਜ ਜਿਹਲਮ ਰਾਵੀ ਬਿਆਸ ਚਨਾਬ ਯਜ਼ੀਦਾਂ ਹੱਥੀਂ

ਓਸੇ ਦਿਨ ਤੋਂ ਰੁਲ਼ਦੀ ਪਈ ਸਾਡੇ ਦੇਸ਼ ਦੀ ਬੋਲੀ 

ਜਿਹੜੇ ਦਿਨ ਤੋਂ ਆਇਆ ਪੰਜਾਬ ਯਜ਼ੀਦਾਂ ਹੱਥੀਂ

ਸਾਡੇ ਲੋਕਾਂ ਆਪਣੇ ਹੱਥੀਂ ਕੰਡੇ ਝੋਲ਼ੀ ਪਾ ਲਏ 

ਚੰਗੇ ਭਲ਼ੇ ਦੇ ਕੇ ਫੁੱਲ ਗੁਲਾਬ ਯਜ਼ੀਦਾਂ ਹੱਥੀਂ 

ਕੁਦਰਤ ਦੇ ਕੰਮ ਵੇਖੋ ਉੱਥੇ ਜੋ ਜੋ ਵੀ ਸਨ ਆਈਆਂ 

ਗਿਰਝਾਂ ਸਾਡੇ ਵੱਲੇ ਤੇ ਸੁਰਖ਼ਾਬ ਯਜ਼ੀਦਾਂ ਹੱਥੀਂ 

ਓਥੇ ਮਿਹਨਤ-ਕਸ਼ ਦੀ ਰੱਤ ਦੇ ਨਾਲ਼ ਮਈਸ਼ਤ ਪਲ਼ਦੀ 

ਜਿਥੇ ਜਿਥੇ ਹੁੰਦਾ ਹਿਸਾਬ ਯਜ਼ੀਦਾਂ ਹੱਥੀਂ 

ਕੂਫ਼ਾ ਸ਼ਹਿਰ ਦਾ ਨਾਂ ਨਈਂ ਅੰਨ੍ਹੀ ਸੋਚ ਦਾ ਨਾਂ ਕੂਫ਼ਾ 

ਇਹ ਗੱਲ ਕੇ ਸਮਝੇ ਆਂ ਜਨਾਬ ਯਜ਼ੀਦਾਂ ਹੱਥੀਂ

ਅੱਜ ਨਈਂ ਸੱਚ ਨੂੰ ਕੋਹ ਕੇ ‘ਸੰਧੂ' ਹਰ ਇੱਕ ਦੌਰ ’ਚ ਲਿਖਿਆ 

ਆਪਣੇ ਨਾਂ ਲਈ ਲਾਹਣਤ ਦਾ ਇੱਕ ਬਾਬ ਯਜ਼ੀਦਾਂ ਹੱਥੀਂ

📝 ਸੋਧ ਲਈ ਭੇਜੋ