ਸਾਡੀ ਪ੍ਰਯੋਗਸ਼ਾਲਾ

ਅਸੀਂ ਕੁੜੀਆਂ 

ਲੀਰਾਂ ਦੀਆਂ 

ਗੁੱਡੀਆਂ ਬਣਾਉਂਦੀਆਂ

ਸੂਈ ਧਾਗੇ ਨਾਲ਼ 

ਉਹਨਾਂ ਦੇ ਨੈਣ ਨਕਸ਼ ਕਸ਼ੀਦਦੀਆਂ  

ਪਟੋਲਿਆਂ ਨਾਲ਼ ਉਹਨਾਂ ਨੂੰ ਸਜਾਉਂਦੀਆਂ

ਅਤੇ

ਮਾਂ ਦੀਆਂ ਚੁੰਨੀਆਂ ਦੀ ਸਾੜ੍ਹੀ ਬਣਾ

ਉੱਚੀ ਅੱਡੀ ਦੇ ਸੈਂਡਲ ਪਾ

ਪਾਊਡਰ ਸੁਰਮੇ ਸੁਰਖ਼ੀਆਂ ਲਾ

ਲੁਕ ਲੁਕ ਕੇ ਘਰ ਘਰ ਖੇਡਦੀਆਂ !

ਰੁੱਸਦੀਆਂ ਮੰਨਦੀਆਂ

ਗੁੱਡੀਆਂ-ਗੁੱਡਿਆਂ ਦੇ ਵਿਆਹ ਕਰਦੀਆਂ

ਅਚੇਤ ਹੀ ਸਿੱਖ ਗਈਆਂ

ਸਿਊਣਾ-ਪਰੋਣਾ

ਕੱਸੀਦੇ ਕੱਢਣਾ 

ਘਰ ਬਣਾਉਣਾ ਅਤੇ ਬੱਚੇ ਪਾਲਣਾ !

ਬਚਪਨ ਤੋਂ ਜਵਾਨੀ 

ਜਲੰਧਰ  ਤੋਂ ਜਰਮਨੀ 

ਅਸੀਂ ਜ਼ਿੰਦਗੀ ਭਰ

ਬਸ ਘਰ ਘਰ ਦੀ ਖੇਡ ਹੀ

ਖੇਡਦੀਆਂ ਰਹੀਆਂ !

ਅਸੀਂ ਮਰ ਮਰ ਕੇ ਜੀਵੀਆਂ !

ਸਾਡੇ ਲਈ ਬਚਪਨ ਵੀ

ਭਵਿੱਖ ਦੀ ਪ੍ਰਯੋਗਸ਼ਾਲਾ ਹੀ ਸੀ ਮਹਿਜ਼ !

***

ਹੁਣ ਕੁੜੀਆਂ… 

ਬਾਰਬੀ ਡੌਲਾਂ ਨੂੰ 

ਬਾਜ਼ਾਰੀ ਵਸਤਰਾਂ ਨਾਲ਼ ਸਜਾਉਂਦੀਆਂ

ਦਿਲ ਭਰ ਜਾਏ ਤਾਂ 

ਵਗਾਹ ਕੇ ਮਾਰਦੀਆਂ 

ਬੇਪਰਵਾਹ 

'ਬਿਊਟੀ ਐਂਡ ਬੀਸਟ,

ਐਲਿਸ ਇਨ ਵੰਡਰਲੈਂਡ,

ਲਿਟਲ ਮਰਮੇਡ' ਵਰਗੀਆਂ

ਫ਼ਿਲਮਾਂ ਵੇਖਦੀਆਂ

'ਫ਼ੇਅਰੀ ਟੇਲਜ਼' ਪੜ੍ਹਦੀਆਂ 

ਆਪਣੇ ਆਪ ਨੂੰ 

ਪਰੀਆਂ ਤੋਂ ਘੱਟ ਨਾ ਸਮਝਦੀਆਂ,

ਨੈੱਟ 

ਕੰਪਿਊਟਰਾਂ

ਸੈੱਲ ਫ਼ੋਨਾਂ ਨਾਲ਼ ਜੁੜੀਆਂ

ਕਦੇ ਪੁਲਾੜ 

ਕਦੇ ਖ਼ਲਾਅ ਵਿਚ ਜਾ ਉੜੀਆਂ !

ਵਿਆਹ 

ਬੱਚੇ

ਘਰ

ਇਹਨਾਂ ਦੀ ਆਪਣੀ ਚੋਣ 

ਇਨ੍ਹਾਂ ਲਈ ਇਨ੍ਹਾਂ ਸ਼ਬਦਾਂ ਦੇ ਮਾਇਨੇ ਹੋਰ!

ਇਹਨਾਂ ਦੇ ਬਚਪਨ ਵਿਚ ਉਤੇਜਨਾ 

ਇਹਨਾਂ ਦੇ ਜੀਵਨ ਵਿਚ ਚੇਤਨਾ

ਆਪਣੀਆਂ ਸ਼ਰਤਾਂ ਤੇ ਜਿਊਂਦੀਆਂ 

ਇਹ ਕੁੜੀਆਂ!

📝 ਸੋਧ ਲਈ ਭੇਜੋ