ਸਾਡੀ ਵੀ ਮਹਿਕ ਹੁੰਦੀ

ਸਾਡੀ ਵੀ ਮਹਿਕ ਹੁੰਦੀ ਜੇਕਰ ਗੁਲਾਬ ਵਾਂਗਰ । 

ਸਾਡੀ ਵੀ ਹੁੰਦੀ ਚਰਚਾ ਚਰਚਿਤ ਕਿਤਾਬ ਵਾਂਗਰ । 

ਮੁਰਗਾਬੀਆਂ ਦਾ ਤਰਨਾ ਲਗਦਾ ਖੁਆਬ ਵਾਂਗਰ । 

ਅੱਜ ਕੱਲ੍ਹ ਹੈ ਅਪਣੀ ਹਾਲਤ ਸੁੱਕੇ ਤਲਾਬ ਵਾਂਗਰ । 

ਯਾਦਾਂ ਦੇ ਗ਼ਮਲਿਆਂ ਵਿਚ ਇੱਕ ਗੁਲਾਬ ਖਿੜਿਆ, 

ਆਪਾਂ ਤਾਂ ਸਾਂਭਣਾ ਹੈ ਇਸ ਨੂੰ ਖ਼ਿਤਾਬ ਵਾਂਗਰ । 

ਕਾਲੇ ਦਿਨਾਂ ਦੇ ਬੱਦਲ ਬਹੁਤਾ ਸਮਾਂ ਨਾ ਰਹਿਣੇ, 

ਆਪੇ ਹੀ ਲੱਥ ਜਾਣੇ ਇਕ ਦਿਨ ਖ਼ਿਜ਼ਾਬ ਵਾਂਗਰ

ਸੁੰਦਰ ਕਿਤਾਬ ਵਰਗੀ ਇਹ ਜ਼ਿੰਦਗੀ ਅਸਾਂ ਦੀ, 

ਕੁਛ ਲੋਕ ਪੜ੍ਹ ਰਹੇ ਨੇ ਵਰਜਿਤ ਕਿਤਾਬ ਵਾਂਗਰ

ਸਾਡੀ ਹਰੇਕ ਸ਼ੈਅ ਨੂੰ ਲਲਚਾ ਰਹੇ ਗੁਆਂਢੀ, 

ਸਾਨੂੰ ਸਮਝ ਰਹੇ ਨੇ ਭੋਲੇ ਪੰਜਾਬ ਵਾਂਗਰ

ਹੁਸ਼ਿਆਰਪੁਰ ਦੇ ਪਰਬਤ ਕੋਹਤੂਰ ਦੀ ਤਰ੍ਹਾਂ ਹਨ, 

ਹੁਸ਼ਿਆਰਪੁਰ ਦੇ ਚੋਅ ਹਨ ਬਿਲਕੁਲ ਝਨਾਬ ਵਾਂਗਰ । 

ਅੱਧ-ਰਾਤ ਤੱਕ ਸਿਰ੍ਹਾਣੇ ਬੱਤੀ ਜਗਾ ਕੇ ਅੱਜ ਕੱਲ੍ਹ, 

ਅਖ਼ਬਾਰ ਨੂੰ ਵੀ ਲੋਕੀ ਪੜ੍ਹਦੇ ਕਿਤਾਬ ਵਾਂਗਰ । 

ਅਫ਼ਸੋਸ ! ਐਤਕੀਂ  ਦੀ ਰਹਿਣਾ ਬਹਾਰ ਦਾ ਹੈ, 

ਇਕ ਵਾਰ ਵੀ ਨਾ ਮਹਿਕੇ ਆਪਾਂ ਗੁਲਾਬ ਵਾਂਗਰ

📝 ਸੋਧ ਲਈ ਭੇਜੋ