ਸਦੀਆਂ ਦੀ ਮੈਂ ਸਿਖਰ 'ਤੇ
ਤਾਰਾ ਤੱਕਿਆ ਕੋ।
ਵੱਡੇ ਭਾਰੇ ਥਲਾਂ ਵਿਚ
ਕੱਲਮ ਕੱਲੀ ਲੋਅ।
ਪੈਰਾਂ ਹੇਠਾਂ ਉਠਦੇ
ਅਗਨ ਭਬੂਕੇ ਰੋ,
ਭਸਮ ਕਰੇਂਦੀ ਗ਼ਜ਼ਬ ਖਾ
ਰੋਹੀਆਂ ਦੀ ਕੰਨਸੋਅ।
ਕਦਮ ਹਨੇਰੇ ਪੁੱਟਦੇ
ਲੈ ਤਾਰੇ ਦੀ ਟੋਹ,
ਹੌਕਾ ਲੈ ਕੇ ਆ ਜਾਂਵਦੇ
ਕੰਦਰਾਵਾਂ ਵਿਚ ਖੋ।
ਵੱਡੇ ਤੜਕੇ ਥਲਾਂ ਵਿਚ
ਪਰਬਤ ਦਿਸਦਾ ਕੋ,
ਜਿਸ ਵਲ ਡਾਚੀ ਸਮੇਂ ਦੀ
ਉਮਰਾਂ ਰਹੀ ਹੈ ਢੋਅ,
ਜਿਸਦੀ ਸੁੱਤੀ ਨਜ਼ਰ ਵਿਚ
ਥਰਹਰ ਟਿਮਕਣ ਮੋਹ;
ਜਿਸ ਦੀ ਸੁੰਞੀ ਤਲੀ 'ਤੇ
ਆਦਮ ਦੀ ਖੁਸ਼ਬੋ,
ਕੁਝ ਪੈਂਡੇ ਪਿਆ ਵੇਖਦਾ
ਮੋਇਆਂ ਨਾਲ ਖਲੋ,
ਜੋ ਵਿਚ ਭਰਿਆਂ ਛਾਲਿਆਂ
ਦੇਂਦਾ ਕੇਰ ਡੁਬੋ।