ਬੰਦਾ ਚੰਨ ਤੋਂ ਵੀ ਹੋ ਕੇ ਵਾਪਸ ਆ ਜਾਂਦਾ ਹੈ
ਜੰਗਲਾਂ ਪਰਬਤਾਂ ਸਮੁੰਦਰਾਂ ਨੂੰ ਵੀ ਗਾਹ ਕੇ
ਪਰਤ ਆਉਂਦਾ ਹੈ ਇੱਕ ਨਾ ਇੱਕ ਦਿਨ
ਆਪਣੇ ਘਰ ਪਰਿਵਾਰ ਵਿੱਚ
ਆਪਣਿਆਂ ਕੋਲ਼
ਪਰ ਇਹ ਸਭ ਕੁਝ ਬੰਦਾ ਤਾਂ ਹੀ ਕਰ ਸਕਦਾ ਹੈ
ਜੇ ਉਹ ਆਪਣੇ ਆਪ ਨਾਲ਼
ਆਪਣੇ ਆਪ ਕੋਲ਼ ਹੋਵੇ
ਆਪਣੇ ਆਪ ਤੋਂ ਦੂਰ ਹੋਇਆ ਬੰਦਾ
ਆਪਣੇ ਆਪ ਤੋਂ ਗਵਾਚਿਆ ਵਿਛੁੰਨਿਆ ਬੰਦਾ ਤਾਂ
ਆਪਣੇ ਘਰ ਪਰਿਵਾਰ ਵਿੱਚ ਹੁੰਦਾ ਹੋਇਆ ਵੀ
ਘਰ ਪਰਿਵਾਰ ਵਿੱਚ ਨਹੀਂ ਹੁੰਦਾ
ਆਪਣੇ ਆਪ ਕੋਲ਼ ਵੀ ਨਹੀਂ ਹੁੰਦਾ ..
ਉਹ
ਆਪਣੇ ਅੰਦਰਲੇ ਵਿਚਾਰ - ਚੱਕਰ ਦੇ
ਚੱਕਰਵਿਊ ਵਿੱਚ ਉਲ਼ਝਿਆ ਫਸਿਆ
ਕਿਸੇ ਹੋਰ ਹੀ ਓਪਰੀ ਦੁਨੀਆ ਦਾ ਵਾਸੀ ਬਣਿਆ ਰਹਿੰਦਾ ਹੈ
ਲਾਚਾਰੀ ਨਾਲ ਖ਼ਿਝਦਾ ਖੌਝਲ਼ਦਾ
ਇਸ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੋਇਆ ਵੀ
ਨਹੀਂ ਨਿੱਕਲ਼ ਸਕਦਾ
ਜਿਵੇਂ ਖੂਹ ਵਿੱਚ ਡਿੱਗਿਆ ਬੰਦਾ ਨਹੀਂ ਨਿੱਕਲ਼ ਸਕਦਾ
ਆਪਣੇ ਆਪ ਬਾਹਰ ਖੂਹ ਵਿੱਚੋਂ ।
ਅਜਿਹਾ ਬੰਦਾ ਆਪਣੇ ਅੰਦਰ ਆਪ ਮੁਹਾਰੇ ਉੱਗਦੇ
ਬੀਆਬਾਨ ਸੁੰਨਸਾਨ ਜੰਗਲਾਂ ਵਿੱਚ
ਭਟਕਦਾ ਹੋਇਆ ਅਣਜਾਣ ਰਾਹਾਂ 'ਤੇ ਤੁਰਦਾ ਤੁਰਦਾ
ਕਿਸੇ ਸਦੀਵੀ ਬਨਵਾਸ 'ਤੇ ਤੁਰ ਜਾਂਦਾ ਹੈ
ਕਦੇ ਵੀ ਨਾ ਪਰਤਣ ਲਈ