ਸਦਕਾ ਕਰੀਂ ਹੁਸਨ ਦਾ

ਸਦਕਾ ਕਰੀਂ ਹੁਸਨ ਦਾ ਯੂਸਫ ਸੁਲਤਾਨਾ 

ਕਚਕੌਲ ਮੇਰੀ ਭਰ ਦੇ ਕਾਇਮ ਰਹੇ ਖਜ਼ਾਨਾ 

ਆਯਾ ਤੇਰੇ ਦਵਾਰੇ ਬਨ ਕਰਕੇ ਮੈਂ ਸਵਾਲੀ

ਲਖਾਂ ਗਦਾਅ ਖੜੇ ਨੇ ਦਰਬਾਰ ਤੇਰਾ ਆਲੀ 

ਸਦਕਾ ਸਿਆਹ ਜ਼ੁਲਫ ਦਾ ਭਰ ਦੇ ਤੂੰ ਦਾਮਨ ਖਾਲੀ 

ਆਬਾਦ ਰਹੇ ਸ਼ਾਹਾ ਇਹ ਤੇਰਾ ਪਰੀ ਖ਼ਾਨਾ 

ਬੁਲਬੁਲ ਨੂੰ ਫੜ ਨਾ ਮਾਲੀ ਸਦਕਾ ਹਰੇ ਚਮਨ ਦਾ

ਯੂਸਫ਼ ਨਾ ਕੈਦ ਕਰ ਤੂੰ ਸਦਕਾ ਮਿਸਰ ਵਤਨ ਦਾ 

ਦੇਖੀਂ ਨਿਗਾਹ ਕਰਕੇ ਸਦਕਾ ਬਦਰ ਹਸਨ ਦਾ 

ਤੇਰੀ ਜ਼ੁਲਫ ਦੀ ਖਾਤਰ ਇਕ ਤੜਫਦਾ ਦੀਵਾਨਾ 

ਬੇਦਮ ਫਕੀਰ ਹਾਂ ਮੈਂ ਬਸ ਮੇਰਾ ਦਮ ਤੂਹੀ ਹੈ

ਹਮਦਮ ਸਨਮ ਪਿਆਰਾ ਤੇਰੀ ਕਿਸਮ ਤੂਹੀ ਹੈ

ਸਜਦਾ ਹੈ ਤੇਰੇ ਦਰ ਤੇ ਬੈਤੁਲ ਹਰਮ ਤੂਹੀ ਹੈ 

ਇਕ ਮੈਂ ਨਹੀਂ ਦਿਲਬਰ ਆਸ਼ਕ ਤੇਰਾ ਜ਼ਮਾਨਾ 

ਇਕ ਦਿਨ ਡਿਠਾ ਮੈਂ ਜਲਵਾ ਹੈਰਾਨ ਹੋ ਗਿਆ ਸੀ

ਸਬ ਦੂਰ ਸ਼ਰਮ ਰਾਹਤ ਅਰਮਾਨ  ਹੋ ਗਿਆ ਸੀ 

ਸਬ ਬਾਗ ਜ਼ਿੰਦਗੀ ਦਾ ਵੀਰਾਨ ਹੋ ਗਿਆ ਸੀ 

ਜਲਕੇ ਸ਼ਮ੍ਹਾਂ ਤੇਰੀ ਤੇ ਮੈਂ ਬਨ ਗਿਆ ਪਰਵਾਨਾ 

ਜਿਸ ਦਮ ਅਲਸਤ ਵਾਲੀ ਆਵਾਜ਼ ਬਣ ਕੇ ਆਈ

ਜਿਸ ਦਮ ਘੜੀ ਅਜ਼ਲ ਦੀ ਪੁਰਸਾਜ਼ ਬਣਕੇ ਆਈ 

ਜਿਸ ਦਮ ਮੇਰੀ ਮੁਹਬਤ ਗ਼ਮ ਸ਼ਾਜ਼ ਬਣਕੇ ਆਈ 

ਉਸ ਦਿਨ ਥੀਂ ਫੂਕਿਆ ਸੀ ਮੇਰਾ ਗ਼ਰੀਬ ਖ਼ਾਨਾ 

ਹਸ਼ਮਤ ਸ਼ਾਹ ਤੇਰਾ ਖਾਦਮ ਇਕ ਵਾਰ ਤੇ ਨਜ਼ਰ ਕਰ

ਅਦਬੇ ਨਿਆਜ਼ ਸਜਦਾ ਬੀਮਾਰ ਤੇ ਨਜ਼ਰ ਕਰ 

ਗਰਦਨ ਮੇਰੀ ਤੇ ਅਪਨੀ ਤਲਵਾਰ ਤੇ ਨਜ਼ਰ ਕਰ 

ਚਲਕੇ ਕਦੀ ਨਹੀਂ ਮੁੜਨਾ ਬੰਦੂਕ ਦਾ ਨਿਸ਼ਾਨਾ

📝 ਸੋਧ ਲਈ ਭੇਜੋ