ਸਦਮਾ ਉਹਦੇ ਜਾਵਣ ਦਾ ਨਾ

ਸਦਮਾ ਉਹਦੇ ਜਾਵਣ ਦਾ ਨਾ ਖ਼ੁਸ਼ੀਆਂ ਉਹਦੇ ਆਉਣ ਦੀਆਂ ।

ਬਾਲਪੁਣੇ ਵਿੱਚ ਕਿੰਨੀਆਂ ਚੰਗੀਆਂ, ਰੁੱਤਾਂ ਹੈਸਨ 'ਸਾਉਣ' ਦੀਆਂ ।

ਖੇਡੇ, ਤਾਂ ਫਿਰ ਓਸੇ ਥਾਂ ਹੀ, ਖੇਡੇ ਰਲਕੇ ਸ਼ਾਮਾਂ ਤੀਕ,

ਕੀਹਨੂੰ ਹੋਸ਼ਾਂ ਹੈ ਸਨ ਓਦੋਂ, ਰੁੱਸੇ ਯਾਰ ਮਨਾਉਣ ਦੀਆਂ ।

ਬੁਰਕੀ ਖੋਹੀ, ਰੋਟੀ ਵੰਡੀ, ਜੂਠਾ ਖਾਧਾ, 'ਚਾਰਾਂ' ਨਾਲ,

ਵੱਖ ਹੋਇਆਂ ਨਹੀਂ ਰਹਿੰਦੀਆਂ ਬਾਕੀ, ਚੱਸਾਂ ਕੱਠੀ ਤਾਉਣ ਦੀਆਂ ।

ਠੁੱਡਾ ਲੱਗਿਆ, ਫਿਰ ਉੱਠ ਬੈਠੇ, ਚਿੱਕੜ ਲੱਗਿਆ ਪੂੰਝ ਲਿਆ,

ਕਿੰਨੀਆਂ ਸੋਹਣੀਆਂ ਘੜੀਆਂ ਸਨ ਉਹ, ਨੰਗੇ ਪੈਲਾਂ ਪਾਉਣ ਦੀਆਂ ।

ਲੁੱਕਣ-ਮੀਚੀ ਦੇ ਵਿੱਚ ਰਾਤਾਂ, ਏਸ ਤਰ੍ਹਾਂ ਨੇ ਬੀਤ ਗਈਆਂ,

ਵੇਲਾ ਮਿਥਿਆ ਜਾਗਣ ਦਾ ਨਾ ਘੜੀਆਂ ਗਿਣੀਆਂ ਸੌਣ ਦੀਆਂ ।

ਰੀਝ ਹੰਢਾਉਣ ਲਈ ਹੱਟੀ ਤੋਂ, ਮੁੱਲ ਲੈਂਦੇ ਹਾਂ ਬੇਰਾਂ ਨੂੰ,

ਕਦੀ ਤੇ ਛੋਟਾਂ ਹੁੰਦੀਆਂ ਹੈਸਨ ਝੂਟਾ ਮਾਰ ਹਿਲਾਉਣ ਦੀਆਂ ।

ਚੁੱਪ 'ਸਲੀਮ' ! ਹੁਣ ਏਸ ਸਮੇਂ ਵਿੱਚ ਕਿਹੜਾ ਤੇਰੀ ਸੁਣਦਾ ਏ,

ਐਵੇਂ ਕਾਹਨੂੰ ਗੱਲਾਂ ਕਰਨੈਂ ਸੁੱਤੇ ਦਰਦ ਜਗਾਉਣ ਦੀਆਂ ।

📝 ਸੋਧ ਲਈ ਭੇਜੋ