ਜਿੰਦਗੀ ਵੀ ਹੁਣ ਪੱਕੇ ਪੈਰੀਂ ਹੋ ਗਈ,
ਪੈਰ ਗਮਾਂ ਦੇ ਅੰਗਾਰਾਂ ਉੱਤੇ ਧਰਦਿਆਂ।
ਸ਼ਰਮਸਾਰ ਹੋ ਗਈਆਂ ਹਨੇਰੀਆਂ,
ਕਿੱਕਰ ਦੇ ਇੱਕ ਸੁੱਕੇ ਰੁੱਖ ਤੋਂ ਹਰਦਿਆਂ॥
ਦੀਪਕ ਨੇ ਆਖਰ ਸਵੇਰਾ ਪਾ ਲਿਆ,
ਜੰਗ ਹਨੇਰਿਆਂ ਨਾਲ ਕਰਦੇ ਕਰਦਿਆਂ।
ਸਿਰਾਂ ਤੇ ਮੰਡਰਾ ਰਹੇ ਨੇ ਬਾਜ਼ ਕਈ,
ਐਪਰ ਅਸੀਂ ਚਿੜੀਆ ਦਾ ਦਮ ਭਰਦੇ ਆਂ॥
ਅੱਜ ਫੇਰ ਇੱਕ ਗੁਲਾਬ ਨੇ, ਇੱਕ ਭੌਰ ਨੂੰ ,
ਦੇ ਦਿੱਤੀ ਪਨਾਹ, ਡਰਦੇ ਡਰਦਿਆਂ॥
ਐਣ ਮੌਕੇ ਤੇ ਜੇ ਤੂੰ ਨਾ ਵਰਸਦਾ,
ਸੁੱਕ ਚੱਲੇ ਸੀ ਸਿਰ ਤੇ ਧੁੱਪਾਂ ਜਰਦਿਆਂ॥
ਮੌਤ ਵੀ ਤਰਸ ਖਾ ਕੇ ਮੁੜ ਗਈ,
ਕੁੱਝ ਹਾਲਤ ਐਸੀ ਹੋਈ, ਮਰਦੇ ਮਰਦਿਆਂ॥
ਨਾ ਡੁੱਬੇ ਨਾ ਪਾਰ ਹੀ ਜਾਇਆ ਗਿਆ,
ਮੁੱਦਤਾਂ ਤੋਂ ਇਸ਼ਕ ਝਨਾਂ ਵਿੱਚ ਤਰਦਿਆਂ॥
"ਮੰਡੇਰ" ਤੈਨੂੰ ਇੱਕ ਅਰਸਾ ਬੀਤ ਗਿਆ,
ਮੈਂ ਤੋਂ ਤੂੰ ਤੱਕ ਸਫਰ ਕਰਦਿਆਂ॥