ਪੁਰਾਣੇ ਕੈਲੰਡਰ 'ਚ ਸੁੱਟ ਦਿੱਤਾ ਹੈ

ਮੈਂ ਚਾਹਤ ਦੀਆਂ ਸਧੀਆਂ ਹੋਈਆਂ ਉਂਗਲਾਂ ਦਾ ਜਾਲ

ਬੀਤੇ ਦੇ ਸਾਗਰ 'ਚੋਂ ਕੱਢ ਲਿਆਵਾਂਗਾ

ਕੋਈ ਠਹਿਰਿਆ ਹੋਇਆ ਸਮਾਂ

ਤੇ ਉਸ ਨੂੰ ਆਪਣੀ ਅੱਜ ਦੇ ਹਜ਼ੂਰ ਪੇਸ਼ ਕਰਕੇ

ਫਿਟਕਾਰ ਦੇਵਾਂਗਾ

ਜਿਨ੍ਹੀ ਪਲੀਂ ਮਹਿਬੂਬ ਦਾ ਹੁਸਨ

ਮੈਂ ਪੈਲੀਆ 'ਤੇ ਧੂੜ ਦਿੱਤਾ ਸੀ

ਉਨ੍ਹਾਂ ਦੇ ਮਾਣ 'ਤੇ

ਹੁਣ ਪੈਲੀਆਂ ਤੋਂ ਸਿਦਕ ਦਾ ਵਰ ਮੰਗਾਂਗਾ

ਤੇ ਸ਼ਹਾਦਤ ਦੀ ਸਦਾ-ਸੁਹਾਗਣ ਸੜਕ ਨੂੰ

ਆਪਣੇ ਕੁਆਰੇ-ਕਦਮਾਂ ਦਾ ਤਾਲ ਦੇਵਾਂਗਾ

ਮੇਰੀਆਂ ਆਹਾਂ 'ਚ ਹੈ ਸਿੱਲ੍ਹੀ ਹਵਾ ਦੀ ਗੰਧ

ਮੇਰੇ ਮੱਥੇ 'ਤੇ ਹੈ ਪੱਤਝੜ ਦਾ ਉਦਾਸ ਰੰਗ

ਤੇ ਮੇਰੀਆਂ ਬਾਹਾਂ 'ਚ ਹੈ ਸਮੇਂ ਦਾ ਸੱਚ

ਮੈਂ ਆਪਣੇ ਦਿਲ 'ਚ ਭਰਨਾ ਚਾਹੁੰਦਾ ਹਾਂ

ਬਹਾਰਾਂ ਦੇ ਉਮਡਦੇ ਅਣ-ਗਿਣਤ ਗੀਤ…

ਮੈਂਨੂੰ ਪਤਾ ਹੈ

ਕੋਈ ਸੂਰਮਗਤੀ ਨਹੀਂ ਹੁੰਦੇ ਇਹ ਪਿਤਰੀ-ਫ਼ਰਜ਼

ਇਹ ਕੋਈ ਇਹਸਾਨ ਨਹੀਂ ਕਿਸੇ ਤੇ

ਕਿ ਮੈਂ ਕਿਹੜੀ ਰੁੱਤੇ ਗ਼ਾਲਿਬ ਦੇ ਸ਼ੇਅਰ

ਫ਼ਰਸ਼ ਤੇ ਮਸਲ ਆਇਆ ਹਾਂ

ਮੇਰਾ ਵੀ ਜੀਅ ਹੈ-

ਰੁੱਸਿਆਂ ਨੂੰ ਮਨਾਣ ਦਾ

ਮਿੱਤਰ ਪਿਆਰੇ ਨੂੰ ਦਿਲ ਸੁਨਾਣ ਦਾ

ਮੋਚੀਆਣੇ ਛਪੜ 'ਤੇ ਬੈਠ ਵੰਝਲੀ ਵਜਾਣ ਦਾ

ਤੇ ਮਾਸੂਮ ਗੀਤਾਂ ਨੂੰ ਵਕਤ ਬੇ-ਵਕਤ ਸਲਾਮ ਆਖਣ ਦਾ

ਮੈਂ ਆਪਣੇ ਜੀਅ ਨੂੰ

ਖਾਰੇ ਖੂਹ ਦੇ ਪਿੱਪਲ ਤੇ ਟੰਗ ਆਇਆ ਹਾਂ

ਤੇ ਮੇਰੀ ਅੰਦਰਲੀ ਜੇਬ 'ਚ ਚੁੱਭਦੀ ਹੈ

ਬਸੰਤ ਦੀ ਕਸਮ।

ਇਹ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਹੈ

ਜਾਂ ਸਫ਼ਰ-ਧੂੜ ਦੇ ਕਿੰਨੇ ਰੰਗ ਹੁੰਦੇ ਹਨ

ਜਾਂ ਕੋਈ ਹੋਰ ਪ੍ਰਸ਼ਨ

ਤੁਸੀਂ ਕਿਸੇ ਅਫ਼ਲਾਤੂਨ ਤੋਂ ਪੁੱਛ ਆਇਓ

ਮੈਂ ਇਕ ਅ-ਸੱਭਿਅ ਰਾਹੀ

ਕੇਵਲ ਇਹ ਕਹਿ ਸਕਦਾ ਹਾਂ

ਕਿ ਵਿਦਾਈ ਦਾ ਕੋਈ ਸ਼ਬਦ ਨਹੀਂ ਹੁੰਦਾ

ਜਿਹੜਾ ਸਫ਼ਰ ਹੁੰਦਾ ਹੈ ਉਹ ਦਰਦ ਨਹੀਂ ਹੁੰਦਾ

ਮੌਤ ਕੋਈ ਮੁਕਾਮ ਨਹੀਂ ਹੁੰਦਾ

ਤੇ ਮੰਜ਼ਲ ਦਾ ਕੋਈ ਅਰਥ ਨਹੀਂ ਹੁੰਦਾ

📝 ਸੋਧ ਲਈ ਭੇਜੋ