ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ। 

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ। 

ਉਹਨਾਂ ਸ਼ਹਿਰ-ਗਿਰਾਵਾਂ ਦਾ ਚਾ ਮੈਨੂੰ 

ਲੱਖ ਇਲਮਾਂ ਤੋਂ ਉੱਚਾ ਸ਼ੁਦਾ ਮੈਨੂੰ 

ਸੋਹਣੇ ਮੁਲਖਾਂ ਦਾ ਆਉਂਦਾ ਰਾਹ ਮੈਨੂੰ— 

ਕੁੜੇ ਸਾਂਵਰ ਨੂੰ ਵਲਦੇ ਬਾਂਹ ਜਾਂਦੇ 

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ॥੧॥

ਮੇਰੇ ਡੁੱਬਦਿਆਂ ਰਾਹਾਂ ਦੀ ਧੂੜ ਬੜੀ 

ਰੁੱਖ ਹਰਿਆ ਜਿੰਦ ਤੋਂ ਦੂਰ ਬੜੀ 

ਜਿੰਦ ਰੁੱਠੜੇ ਯਾਰਾਂ ਦੀ ਚੂਰ ਬੜੀ- 

ਪਲਕਾਂ ਸੁੰਨੀਆਂ, ਨੂਰ ਉਤਾਂਹ ਜਾਂਦੇ, 

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ॥੨॥

ਜਾ ਖੁਭੀ ਅਰਸ਼ ਵਿਚ ਹੇਕ ਮਿਰੀ 

ਜਾ ਧਸੀ ਤੇਗ ਵਿਚ ਰੇਖ ਮਿਰੀ 

ਰੱਤ ਧੂੜੀਂ ਤੱਕਣ ਸ਼ੇਖ਼ ਮਿਰੀ- 

ਕੁੜੇ ਦਿਸਦੇ ਨਹੀਂ ਝਨਾਂ ਜਾਂਦੇ 

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ ॥੩॥

ਕੁੜੇ ਉੱਠਦੇ ਮੇਰੇ ਗਵਾਹ ਜਾਂਦੇ 

ਮੇਰੇ ਦੀਨ-ਈਮਾਨ ਦੇ ਸਾਹ ਜਾਂਦੇ 

ਫੜ ਖ਼ਾਨਗਾਹਾਂ ਨੂੰ ਢਾਹ ਜਾਂਦੇ- 

ਪੁੱਟ ਸੋਹਣੇ ਯਾਰ ਦੀ ਛਾਂ ਜਾਂਦੇ 

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ॥੪॥

ਕੁੜੇ ਨਨਕਾਣੇ ਦੀ ਰਾਹ ਜਾਂਦੇ

ਮੇਰੇ ਯਾਰ ਬੇਗਾਨੇ ਆਹ ਜਾਂਦੇ

ਕੁੜੇ ਡੂੰਘੀ ਜਾਨ ਦੇ ਸਾਹ ਜਾਂਦੇ-

ਇਹ ਰੁੱਠੇ ਹੋਏ ਨੇ, ਤਾਂ ਜਾਂਦੇ !

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੫॥

ਰੰਗ ਪੱਥਰੀਂ ਮੇਰੇ ਲਾ ਜਾਂਦੇ

ਪੱਤ ਹਰੇ ਲਹੂ ਲਹਿਰਾ ਜਾਂਦੇ

ਮੇਰੇ ਹਰਫ਼ ਦੀ ਕਲਮ ਬਣਾ ਜਾਂਦੇ

ਜੋ ਹਰਫ਼ ਅਲਾਹ ਦੀ ਛਾਂ ਚਾਂਹਦੇ !

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ॥੬॥

ਹੜ੍ਹ ਚੜ੍ਹਦਾ, ਜੁਗਨੂੰ ਨ੍ਹਾ ਜਾਂਦੇ

ਉੱਡ ਤੰਦੂਏ ਕਾਂਗਾਂ ਖਾ ਜਾਂਦੇ

ਹੋ ਅੰਨ੍ਹੇ ਮਿਰੇ ਸ਼ੁਦਾ ਜਾਂਦੇ

ਮਰ ਸੁੱਕੇ ਲੱਭਦੇ ਮਾਂ ਜਾਂਦੇ—

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੭॥

ਦਿਲਗੀਰ ਰਿਸ਼ਮ ਹੈ ਰੋਹੀਆਂ ਦੀ

ਇਹ 'ਵਾਜ ਹੈ ਕੂੰਜਾਂ ਮੋਈਆਂ ਦੀ 

ਇਹ ਧੂੜ ਹੈ ਪੈੜਾਂ ਖੋਈਆਂ ਦੀ- 

ਤਕ ਯਾਰ ਤੁਸੀਂ ਇਹ ਥਾਂ ਜਾਂਦੇ, 

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੮॥

ਤੁਸੀਂ ਕਮਲਾਂ ਕੋਲ ਗੁਬਾਰ ਕਦੇ 

ਵਿਚ ਗੈਰ ਕਦੇ, ਕਿਲਕਾਰ ਕਦੇ,

ਵਿਚ ਸੁਫਨੇ, ਫਿਰੇ ਬਜ਼ਾਰ ਕਦੇ–

ਹੁਣ ਯਾਰ ਤੁਸੀਂ ਜੋ ਨਾਂਹ ਜਾਂਦੇ !

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੯॥

ਧਰੂ-ਕਮਲ ਦੀ ਨਾਭ ਹਿਲਾ ਜਾਂਦੇ 

ਸੰਗ ਅੰਗਾਂ ਸਾਏ ਲਾ ਜਾਂਦੇ 

ਸਾਨੂੰ ਐਵੇਂ ਕਦੇ ਬੁਲਾ ਜਾਂਦੇ 

ਰੁੱਤ ਕੌਲਾਂ ਦੀ ਕਰ ਹਾਂ ਜਾਂਦੇ, 

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੧੦॥

ਤੇਰੇ ਪੈਂਡੇ ਮੰਗਦੇ ਸੌਂ ਜਾਂਦੇ

ਕੁੱਲ ਪਰਲੋਂ ਰੰਗਦੇ ਸੌਂ ਜਾਂਦੇ 

ਸਿਰਿ ਝੱਖੜ ਲੰਘਦੇ ਗੌਂ ਜਾਂਦੇ 

ਚੁੱਕ ਖਾਰੀ ਯਾਰ ਦੇ ਨਾਂ ਜਾਂਦੇ- 

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੧੧॥

ਕਿਉਂ ਗਹਿਰ ਚੜ੍ਹੀ ਵਿਚ ਕਾਂ ਜਾਂਦੇ ?

ਕਿਉਂ ਦੀਵੇ ਬੁਝੇ ਅਗਾਂਹ ਜਾਂਦੇ ?

ਕਿਉਂ ਰਾਹੀ ਮੁੜੇ ਪਿਛਾਂਹ ਜਾਂਦੇ ?

ਛੱਡ ਸੁੰਨੀ ਕਾਲ-ਸਰਾਂ ਜਾਂਦੇ

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ॥੧੨॥

ਕੌਲ ਸ਼ਹਿਰ ਲਾਹੌਰਾਂ ਦੇ ਨਾਲ ਮਿਰੇ

ਪੁੱਛੇ ਰੋ ਕੇ ਪਸ਼ੌਰਾਂ ਨੇ ਹਾਲ ਮਿਰੇ

ਮੇਰੇ ਡਾਢਿਆ ਪੈਂਡੇ ਮੁਹਾਲ ਮਿਰੇ– 

ਸਾਨੂੰ ਛਡਦੇ ਦੂਰ ਸੁਹਾਂ ਜਾਂਦੇ 

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੧੩॥

ਜਦ ਕਹਿਰ ਮਹੀਨਾ ਜੇਠ ਚੜ੍ਹੇ 

ਲਖ ਲਸ਼ਕਰ ਆਰੇ ਹੇਠ ਖੜ੍ਹੇ 

ਕੋਈ ਦਹਿਲ ਪਵੇ, ਕੋਈ ਵੇਰ ਚੜ੍ਹੇ, 

ਪੀ ਦਰਿਆਵਾਂ ਨੂੰ ਰੇਤ ਖੜ੍ਹੇ— 

ਡੁੱਬ ਦਰਗਾਹਾਂ ਦੇ ਨਿਆਂ ਜਾਂਦੇ 

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੧੪॥ 

ਨਾਂਹ ਦੀਨ ਤੇਰਾ ਦਰਕਾਰ ਵੇ

ਸਾਡੀ ਤੂੰਹੀਉਂ ਯਾਰ ਬਹਾਰ ਵੇ

ਮਿਰੀ ਖੜੀ ਕਿਲੇ 'ਤੇ ਦਾਰ ਵੇ- 

ਮੇਰਾ ਹਾਕਮ ਪੁਛਦੇ ਨਾਂ ਆਂਦੇ 

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੧੫॥

ਸਭ ਪਿਛਲੇ ਪੈਂਡੇ ਭਾਲ ਕਦੇ

ਅਸਾਂ ਕਰਨੇ ਹੱਕ-ਸੁਆਲ ਕਦੇ

ਤੇਰੇ ਡਾਢੇ ਹਾਕਮ ਨਾਲ ਕਦੇ-

ਮੇਰੇ ਢਹਿੰਦੇ ਕੋਟ-ਗਿਰਾਂ ਜਾਂਦੇ

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੧੬॥

ਕੂੜੇ ਦੀਨ-ਧਰਮ ਦੇ ਕੋਟ ਬੜੇ

ਕੁੜੇ ਰਾਜ-ਕਰਮ ਦੇ ਖੋਟ ਬੜੇ

ਗਏ ਸਾੜ ਲਗਰ ਸਣ ਬੋਟ ਬੜੇ-

ਮੇਰੀ ਸੁਣ ਕੇ 'ਵਾਜ ਪਿਛਾਂਹ ਜਾਂਦੇ

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ॥੧੭॥

ਮਿਰੇ ਚੜ੍ਹੇ ਕਹਿਰ ਦਾ ਬੱਦਲ ਨਹੀਂ 

ਇਸ ਹਾਕਮ ਕੂੜ ਦਾ ਅਦਲ ਨਹੀਂ 

ਮੈਂ ਆਵਾਂ ਤੇਰੀ ਬਗਲ ਨਹੀਂ— 

ਤੁਸੀਂ ਤੋੜ ਸੱਜਣ ਦੀ ਬਾਂਹ ਜਾਂਦੇ

ਕੁੜੇ ਲੱਖ ਝਨਾਂ ਦੇ ਨਾਂ ਜਾਂਦੇ॥੧੮॥ -

ਮੇਰੇ ਕੰਢੇ ਲੱਖ ਹਜ਼ਾਰ ਵੇ

ਤੂੰ ਨਸ ਜਿੱਧਰ ਰੂਹ ਯਾਰ ਵੇ

ਸਭ ਪਾਸੇ ਮੇਰੇ ਬਾਰ ਵੇ-

ਸਾਡੇ ਰੁੱਖਾਂ ਬਾਝੋਂ ਥਾਂ ਜਾਂਦੇ

ਕੁੜੇ ਮੁਲਖਾਂ ਦੇ ਵੱਲ ਕਾਂ ਜਾਂਦੇ॥੧੯॥

📝 ਸੋਧ ਲਈ ਭੇਜੋ