ਜਿੰਦਗੀ ਦੇ ਇਸ ਸਫ਼ਰ ਵਿੱਚ ਮੈਂ ,

ਕਿੰਨੇ ਮੋੜ ਮੁੜਿਆ।

ਕਿੰਨੇ ਵਾਅਦੇ ਰੱਖੇ, ਤੇ ਕਿੰਨਿਆਂ ਨੂੰ  ਤੋੜ ਮੁੜਿਆ।

ਪਹਿਲਾ ਰਾਹ ਮੇਰੇ ਪਿੰਡ ਤੋਂ ਚੱਲ ਕੇ,

ਸ਼ਹਿਰ ਦੇ ਵੱਲ ਨੂੰ  ਆੳਾਦਾ ਸੀ।

ਓਸ ਰਾਹ ਤੋਂ ਉੱਡ ਜਾਂ ਕਿਧਰੇ,

ਡਾਹਢਾ ਦਿਲ ਲਲਚਾਉਂਦਾ ਸੀ।

ਜਦ ਫੇਰ ਮੈਨੂੰ ਮੌਕਾ ਮਿਲਿਆ, ਦੌੜ ਦੌੜ ਮੁੱੜਿਆ ....

ਜਿੰਦਗੀ ਦੇ ਇਸ ਸਫ਼ਰ ਵਿੱਚ ਮੈਂ, ਕਿੰਨੇ ਮੋੜ ਮੁੜਿਆ ....

ਅਲ੍ਹੜਪੁਣੇ ਦੀ ਆਈ ਹਨੇਰੀ, ਖਬਰੇ ਕਿਉਂ ਮੱਤ ਮਰ ਗਈ ਮੇਰੀ,

ਨਾ ਸੁੱਧ ਤੇਰੀ, ਨਾ ਸੁੱਧ ਮੇਰੀ,

ਫੇਰ ਹਰ ਰਾਹ, ਹਰ ਪੰਗਡੰਡੀ ਨੂੰ ,

ਕਰਦਾ ਚੌੜ ਮੁੜਿਆ ......

ਉਹ ਜੋ ਜਿੰਦਗੀ ਜਿਉਣ ਦੇ ਪਲ ਸੀ,

ਉਹ ਵੀ ਹੋ ਗਏ ਕੱਲ ਦੀ ਗੱਲ ਸੀ,

ਜਾਨ ਤੋਂ ਪਿਆਰੇ ਯਾਰ ਤੇ ਯਾਰੀ,

ਕਾਲਜ ਛੋੜ ਮੁੜਿਆ ......

ਫੇਰ ਮੈਂ ਵਿੱਚ ਭੀੜ ਦੇ ਵੜਿਆ,

ਆਪਣੀ ਹੋਂਦ ਬਚਾਉਂਣ ਲਈ ਲੜਿਆ,

ਜਿੰਦ ਨੂੰ  ਫਾਹੇ ਟੰਗਣ ਦੇ ਲਈ,

ਲਾ ਕੇ ਹੋੜ ਮੁੜਿਆ ......

ਪਿੰਡ ਫੇਰ ਮੁੜਕੇ ਜਾ ਨਾ ਸਕਿਆ,

ਪਿਉ ਦਾ ਭਾਰ ਵੰਡਾ ਨਾ ਸਕਿਆ,

ਇੱਕ ਮਾਸੂਮ ਜਿਹੇ ਦਿਲ ਦੀਆਂ ਸੱਧਰਾਂ,

ਪੈਂਰੀ ਰੋੜ੍ਹ ਮੁੜਿਆ .....

ਖਬਰੈ ਇੱਥੇ ਕਿਉਂ ਮੈਂ ਆਇਆ!

ਇੰਝ ਲੱਗਦੈ ਕੋਈ ਧੂਹ ਕੇ ਲਿਆਇਆ,

ਇਹ ਸਭ ਨਹੀਂ ਹੈ, ਜੋ ਮੈਂ ਚਾਹਿਆ,

ਜਾਲਮ ਜ਼ਮਾਨਾ ਸੋਚ ਮੇਰੀ ਦੀ,

ਰੱਤ ਨਿਚੋੜ ਮੁੜਿਆ.........

ਮੱਕੜਜਾਲ ਜਿਹੇ ਇਹ ਰਸਤੇ,

ਕਿਸਨੇ ਮੇਰੀ ਜਿੰਦ ਤੇ ਕਸਤੇ!

ਮੈਂ ਗੁੰਮਰਾਹ, ਤੂੰ ਰਸਤੇ ਪਾ ਦੇ,

ਇਸ ਦਲਦਲ ਚੋਂ ਪਾਰ ਲੰਘਾ ਦੇ,

"ਮੰਡੇਰ" ਇਹ ਮੰਗਦਾ, ਦਰ ਤੇਰੇ ਤੋਂ,

ਹੱਥ ਜੋੜ ਮੁੜਿਆ ......

📝 ਸੋਧ ਲਈ ਭੇਜੋ