ਸਾਹ-ਸਤ ਖ਼ੂਨ-ਪਸੀਨਾ

ਸਾਹ-ਸਤ ਖ਼ੂਨ-ਪਸੀਨਾ ਸਭ ਏ ਮਿੱਲਾਂ ਜੋਗਾ ।

ਰਹਿ ਗਿਆ ਆਦਮਜ਼ਾਦਾ ਬਸ ਹੁਣ ਲਿੱਲਾਂ ਜੋਗਾ ।

ਮਾਂਝੀ ਬਾਝੋਂ ਕੀਵੇਂ ਪਾਰ ਕਿਨਾਰੇ ਲੱਗਦਾ,

ਸੱਧਰਾਂ ਦਾ ਇਹ ਬੇੜਾ ਰਹਿ ਗਿਆ ਠਿੱਲਾਂ ਜੋਗਾ ।

ਚਿੜੀਆਂ ਦੇ ਲਈ ਔਖਾ ਹੋ ਗਿਆ ਚੋਗਾ ਚੁਗਣਾ,

ਰਹਿ ਗਿਆ ਰਿਜ਼ਕ ਜ਼ਮੀਨ ਦਾ ਕਾਵਾਂ-ਇੱਲਾਂ ਜੋਗਾ

ਜੀਂਦੇ ਜੀਅ ਖ਼ੁਸ਼ਹਾਲੀ ਮੇਰੇ ਘਰ ਕੀ ਆਉਂਦੀ,

ਜੋ ਕੁੱਝ ਖੱਟ ਕਮਾਇਆ ਟੈਕਸਾਂ ਬਿਲਾਂ ਜੋਗਾ ।

ਛੱਡ ਕੇ ਸੱਜਣ ਬੇਲੀ ਟੁਰ ਗਏ ਦੇਸ ਪਰਾਏ,

'ਆਹੂ'ਕੱਲਾ ਰਹਿ ਗਿਆ ਜੱਗ ਦੀਆਂ ਖਿੱਲਾਂ ਜੋਗਾ ।

📝 ਸੋਧ ਲਈ ਭੇਜੋ