ਜਿੰਦੜੀ ਉੱਤੇ ਥਰਕਦੇ, ਤਿਰਕਾਲਾਂ ਦੇ ਪੈਰ।
ਲੰਮੀਆਂ ਨਦੀਆਂ ਲੰਘਦੇ, ਜਾਂ ਆਪਣੇ ਜਾਂ ਗੈਰ।
ਧੂੜ ਥਲਾਂ ਦੀ ਵੇਖਦੀ, ਖੀਵੇ ਖ਼ਾਂ ਦੀ ਧੀ।
ਸੋਹਣੇ ਵਹਿਣ ਝਨਾਂ ਦੇ, ਸਮਾਂ ਨ ਜਾਵੇ ਪੀ।
ਪੈੜ ਦੇ ਵਾਂਗੂੰ ਮਿਟੇਗੀ, ਚੰਨ-ਸੂਰਜ ਦੀ ਲੋਅ;
ਉਡਦੇ ਬਾਜ਼ ਨੂੰ ਮਾਰਸੀ, ਥਲ-ਲਸ਼ਕਰ ਦਾ ਰੋਹ।
ਜੰਗਲ ਗੋਰਾਂ ਵਾਲੜੇ, ਨ ਮੰਗੂ ਦੀ ਪੈੜ।
ਇਸ ਜੂਹ ਵਿਚ ਵੀ ਮੰਗਦਾ, ਕੌਣ ਕਿਸੇ ਦੀ ਖ਼ੈਰ ?
ਚੋਗਾ ਚੁਗਦੇ ਪੰਖਣੂ, ਸੁਣੀ ਕਿਤੋਂ ਕੰਨਸੋਅ।
ਚਰਦੇ ਮੰਗੂ ਵੇਖਦਾ, ਡੂੰਘਾ ਧਰ ਦਾ ਮੋਹ।
ਜੋਬਨ ਦੀ ਜੂਹ ਧਰਤ ਨੇ, ਭੇਦ ਦਿੱਤੇ ਲਖ ਖੋਲ੍ਹ।
ਸਾਹਿਬਾਂ ਰੂਹ ਦਰਿਆ ਦੀ, ਬੇਲੇ ਹੁੱਲਿਆ ਬੋਲ।
ਦਾਵਾ ਅਗਨ ਦੇ ਖੰਭ 'ਤੇ, ਕੂਕ ਚੜ੍ਹੀ ਖ਼ੁਸ਼ਬੋ।
ਧਰਤ ਦੀ ਸ਼ਬਨਮ ਆਖ਼ਰੀ, ਚੁਕਦੇ ਝੱਖੜ ਕਰੋ।
ਆਗਾਸਾਂ ਆਗਾਸ ਤਕ, ਜਿਸ ਮਾਂਝੀ ਦੀ ਹੇਕ
ਸੰਞ ਨੂੰ ਉਸ ਦੇ ਕੌਲ ਦੀ, ਮਿਟ ਨ ਜਾਵੇ ਰੇਖ।
ਆਗਾਸਾਂ ਆਗਾਸ ਤਕ, ਸੰਞ ਦੀ ਰਿਮਝਿਮ ਵਾਟ।
ਤੁਰਦੇ ਜਾਂਦੇ ਕਾਫ਼ਲੇ, ਚੁੱਕ ਹਿਜਰਾਂ ਦੀ ਰਾਤ।
ਰਾਤ ਪਈ ਵਿਚ ਬੇਲੜੇ, ਸੁਪਨਿਆਂ ਦੇ ਵਿਚ ਰੁੱਖ
ਦਸਦੇ ਪਏ ਝਨਾਂ ਨੂੰ, ਆਪਣੇ ਆਪਣੇ ਦੁੱਖ।
ਸੈ ਚਰਖਾਂ ਦੇ ਮਿਟਣ ਦੀ, ਪੁੱਤ ਪੁੱਤ ਦੇ ਵਿਚ ਪੀੜ।
ਭੈਅ ਵਿਚ ਦਹਿਰ ਨੇ ਤੋੜਦੇ, ਤਾਰਿਆਂ ਦੀ ਜ਼ੰਜੀਰ।
ਟਹਿਣੀ ਸੁੱਤੇ ਪੰਖਣੂ, ਹੇਠ ਵਗਣ ਦਰਿਆ।
ਕਦੋਂ ਕੁ ਤੀਕਰ ਦਿਸਣਗੇ, ਔਹ ਬਟਕਾਂ ਦੇ ਰਾਹ।
ਕੰਧੀ ਖੜੀ ਝਨਾਂ ਦੀ, ਨਜ਼ਰਾਂ ਦੇ ਰੰਗ ਤਾਣ।
ਵਕਤ ਦੇ ਪੈਂਡੇ ਸਾਜਦਾ, ਇਸ਼ਕ ਦਾ ਬਲਦਾ ਬਾਣ।