ਘੁੰਮ ਘੁੰਮ ਹਵਾ ਦੀ ਬਾਂਹ ਪੈਂਦੀ,
ਗਲ ਵਣ-ਬੇਲੇ ਹਰ ਥਾਂ ਪੈਂਦੀ।
ਕੰਬ ਨੀਲੀ ਦੇ ਅਸਵਾਰ ਕਿਹਾ :
“ਅੱਜ ਕਹਿਰਾਂ ਭਰੀ ਝਨਾਂ ਪੈਂਦੀ।
“ਨਾਂਹ ‘ਹਾਂ’ ਤੇ ‘ਨਾਂਹ' ਦਾ ਭੇਦ ਰਿਹਾ,
ਇਸ ਵਾਟ 'ਤੇ ਜਿੰਦੜੀ ਜਾਂ ਪੈਂਦੀ।
“ਕੀ ਨਜ਼ਰਾਂ ਸਾਹਮੇ ਨਾਰ ਕੋਈ,
ਜਾਂ ਹਰੀ ਝਨਾਂ ਦੀ ਛਾਂ ਪੈਂਦੀ।
“ਸੰਗ ਤੀਰਾਂ ਟੁਟ ਟੁਟ ਜਾਂ ਪੈਂਦੀ।
ਔਹ ਟੋਭੇ ਗ਼ਾਜ਼ੀ ਖ਼ਾਂ ਪੈਂਦੀ।
“ਚੜ੍ਹ ਚੜ੍ਹ ਕੇ ਕਲਵਲ ਥਲ ਪੈਂਦੇ,
ਰੋਹ ਭਰੀ ਲਾਸ ਜਿਉਂ ਨਾਂਹ ਪੈਂਦੀ।
“ਘਿਰ ਜਿੰਦ ਦੁਪਹਿਰੀਂ ਗੋਰਾਂ ਵਿਚ,
ਰੋ ਥੱਕ ਵਾਂਗ ਫਰਵਾਂ ਪੈਂਦੀ।
“ਕਦੇ ਕੂਲੀ ਠੰਢੀਆਂ ਫ਼ਜਰਾਂ ਤੋਂ,
ਕੰਨ ਸਬਜ਼ ਬਿਰਖ ਜਿਉਂ ਹਾਂ ਪੈਂਦੀ।
“ਮੈਂ ਗ਼ਾਜ਼ੀ ਸਿਖਰ ਦੁਪਹਿਰਾਂ ਦਾ,
ਮੇਰੇ ਤੀਰ 'ਤੇ ਕਾਲ ਦੀ ਛਾਂ ਪੈਂਦੀ।
“ਕਿਸੇ ਸ਼ਬਨਮ ਨਾਲ ਝਨਾਂ ਖੇਡੇ,
ਬਲ ਬਿਜਲੀ ਵਿਚ ਜ਼ਬਾਂ ਪੈਂਦੀ।
“ਉਡ ਘੋਰ ਪਤਾਲ ਚੋਂ ਮਣੀ ਕੋਈ
ਲਸ ਨਾਗ ਵਾਂਗ ਅਸਮਾਂ ਪੈਂਦੀ।”
ਘੁੰਮ ਘੁੰਮ ਹਵਾ ਦੀ ਬਾਂਹ ਪੈਂਦੀ,
ਗਲ ਵਣ-ਬੋਲੇ ਹਰ ਥਾਂ ਪੈਂਦੀ।