ਸਾਹਿਬਾਂ ਦੀ ਸੱਦ ਮਿਰਜ਼ੇ ਨੂੰ

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ, 

ਜ਼ਰਾ ਤੱਕ ਜ਼ੁਲਫ਼ਾਂ, ਕਿੰਝ ਝੱਲੀ ਆਂ ਓ ਯਾਰ।

ਆਵੀਂ ਆਵੀਂ ਝਨਾਂ ਦੇ ਚੋਰ ਵੇ 

ਗੱਲ ਧੁੰਮੀ ਕੰਢੜੇ ਹੋਰ ਵੇ

ਮੈਂ ਗੁੰਮੀਂ ਜੱਗ ਦੇ ਸ਼ੋਰ ਵੇ-

ਸਭ ਤਾਰਾਂ ਦਿਲ ਦੀਆਂ ਹੱਲੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਮੈਂ ਝੱਖੜਾਂ ਝੁਲਦੀ ਨਾਰ ਵੇ

ਮੈਂ ਲੁੱਟੇ ਸ਼ਾਹ ਅਸਵਾਰ ਵੇ 

ਜਾ ਤੋੜੇ ਥਲਾਂ ਦੇ ਬਾਰ ਵੇ, 

ਕਿਨ੍ਹ ਦਿਲ ਦੀਆਂ ਵਾਗਾਂ ਠੱਲ੍ਹੀਆਂ ਓ ਯਾਰ ? 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਲੱਖ ਸ਼ਾਹ ਕੋਟਾਂ ਦੇ ਨਾਜ਼ ਵੇ 

ਜਿਨੂ ਤੱਕ ਨਾ ਸੱਕਣ ਬਾਜ਼ ਵੇ 

ਮੈਂ ਜਾਲਾਂ ਵੱਡ-ਪਰਵਾਜ਼ ਵੇ,

ਅੱਜ ਤੇਰੇ ਨਜ਼ਾਰੇ ਨੂੰ ਖੱਲੀ ਆਂ ਓ ਯਾਰ- 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਮੈਂ ਰਹਿਮ ਨੂੰ ਬੁੱਕ ਬੁੱਕ ਪੀਂਵਦੀ 

ਮੈਂ ਲਹੂ ਲਹੂ ਹੋ ਜੀਂਵਦੀ 

ਮੈਂ ਜ਼ਹਿਰ ਦੇ ਪਿਆਲੇ ਥੀਂਵਦੀ, 

ਅੱਜ ਥਲਾਂ ਦੀ ਮਹਿੰਦੀ ਲਾ ਖੱਲੀ ਆਂ ਓ ਯਾਰ- 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਜਦ ਵਿਰਦ ਯਾਰ ਦਾ ਪਾਲਦੀ

ਫੜ ਤਪਦੇ ਸੂਰਜ ਜਾਲਦੀ

ਜਾ ਰਣਾਂ 'ਚ ਦੀਵੇ ਬਾਲਦੀ-

ਮੈਂ ਤੇਗਾਂ ਦਾ ਲਹੂ ਹੋ ਚੱਲੀ ਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਮੇਰੇ ਅੱਥਰੇ ਸ਼ੌਕ ਨਾਂਹ ਵਸਨਾ ਵੇ 

ਛੱਡ ਸ਼ੌਹ ਦੀ ਬਾਹੀਂ ਨਸਨਾ ਵੇ 

ਲਾ ਜਾਲ ਹੁਸਨ ਦਾ ਫਸਨਾ ਵੇ- 

ਮੈਂ ਡਾਚੀ ਤੈਂਡੀ ਦੀ ਟੱਲੀ ਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਉਸ ਮਿਹਰ-ਸਿਤਮ ਦੇ ਮੋੜ ਵਲ

ਮੈਂ ਨਸਦੀ ਜਾਵਾਂ ਹੋਰ ਵਲ

ਅਵੇ ਬਾਂਕੇ ਅੱਥਰੇ ਘੋੜ ਵਲ,

ਗੱਲਾਂ ਕਰਦੀ ਝੱਲ-ਵਲੱਲੀਆਂ ਓ ਯਾਰ- 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਜੋ ਹੈ, ਤਾਂ ਗ਼ਜ਼ਬ ਦਾ ਕੋਟ ਰਹੇ 

ਇਹ ਬਿਰਖੀਂ ਜੀਂਦਾ ਬੋਟ ਰਹੇ, 

ਮੈਂ ਹਾਲ ਪਵੇ, ਨਾਂਹ ਤੋਟ ਰਹੇ, 

ਇਹ ਜੂਹਾਂ ਨਾਂਹ ਕਿਸੇ ਨੇ ਵੱਲੀਆਂ ਓ ਯਾਰ- 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਇਹ ਮੋਰ ਝਨਾਂ ਦੀ ਕਾਂਗ ਵੇ 

ਇਹ ਫ਼ਜਰ-ਸਿਦਕ ਦੀ ਬਾਂਗ ਵੇ 

ਰੋਹ ਭਰੀ ਨਜ਼ਰ ਦੇ ਵਾਂਗ ਵੇ, 

ਮੈਂ ਜ਼ੁਲਫ਼ਾਂ ਦੇ ਹੜ੍ਹ ਵਿਚ ਝੱਲੀਆਂ ਓ ਯਾਰ- 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਜੇ ਹੈ, ਤਾਂ ਇਹ ਅਸਮਾਨ ਰਹੇ 

ਲੈ ਦੋਜ਼ਖ਼ ਉਡਦੀ ਜਾਨ ਰਹੇ 

ਇਸ ਚੜ੍ਹੇ ਝਨਾਂ ਦੀ ਸ਼ਾਨ ਰਹੇ— 

ਸ਼ਾਲਾ ਜੀਣ ਤੇਰੇ ਸੰਗ ਗੱਲੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਚੜ੍ਹ ਬੱਕੀ ਗਜ਼ਬ ਦੀ ਚੋਰ ਵੇ 

ਮੈਂ ਕਾਂਗ ਚੜ੍ਹੀ ਤੂੰ ਮੋੜ ਵੇ 

ਗੱਲ ਸ਼ੌਕ ਥਲਾਂ ਦੀ ਹੋਰ ਵੇ– 

ਇਹ ਮੌਜਾਂ ਬਹੁਤ ਕੁਵੱਲੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਜਦ ਜੱਗ ਦੇ ਰੋਹ ਦਾ ਕਹਿਰ ਪਿਆ 

ਤੂੰ ਸਫ਼ਰ ਗਜ਼ਬ ਦਾ ਤੈਰ ਗਿਆ 

ਹੋ ਉੱਡਣਾ ਨਾਗ ਦੁਪਹਿਰ ਗਿਆ- 

ਤੈਨੂੰ ਖ਼ੈਰਾਂ ਫ਼ਕੀਰਾਂ ਨੇ ਘੱਲੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਕਿਉਂ ਢੋਕ ਦੁਪਹਿਰਾਂ ਦੀ ਵਸਨਾ ਵੇ 

ਬੀਬਾ ਵਾਗ ਨਾਂਹ ਕਹਿਰਾਂ ਦੀ ਕਸਨਾ ਵੇ 

ਆਪੂੰ ਚੋਰ ਝਨਾਂ ਦਾ ਦਸਨਾ ਵੇ-

ਆ ਕੇ ਜੂਹਾਂ ਝਨਾਂ ਦੀਆਂ ਮੱਲੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਇਹ ਤਾਂ ਥਲ ਹੀ ਤਪਦਾ ਹੋਰ ਵੇ 

ਇਹਦੀ ਰਗ ਦਾ ਅੱਪਣਾ ਸ਼ੋਰ ਵੇ 

ਲੋਹ ਸਬਰ ਦੇ ਪੰਜੇ ਜ਼ੋਰ ਵੇ -

ਇਹੋ ਬਾਗ਼ ਜਿੱਥੇ ਮੈਂ ਪੱਲੀ ਆਂ ਓ ਯਾਰ, 

ਗੱਲਾਂ ਮੁਲਖ਼ ਬਿਗਾਨੇ 'ਚ ਚੱਲੀ ਆਂ ਓ ਯਾਰ।

ਜੇ ਸੂਰਜ ਚੜ੍ਹੇ ਹਜ਼ਾਰ ਵੇ

ਭੰਨ ਨੱਸੇ ਬੂਹੇ-ਬਾਰ ਵੇ

ਜ਼ਰਾ ਸ਼ਾਹ ਅਸਵਾਰਾ ਹਾਰ ਵੇ- 

ਮੈਂ ਨਾਜ਼ਕ ਸੀਨੇ ਸੱਲ੍ਹੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਮੇਰੇ ਵੀਰ ਸ਼ਮੀਰ ਦੀ ਬੇਟ ਵੇ 

ਚੜ੍ਹ ਤਪੇ ਮਹੀਨਾ ਜੇਠ ਵੇ 

ਉਸ ਸੁੰਞੇ ਜੰਡ ਦੇ ਹੇਠ ਵੇ- 

ਤੈਨੂੰ ਨੀਂਦਾਂ ਪੈਣ ਸੁਵੱਲੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ।

ਔਹ ਗਿਆ ਝਨਾਂ ਦਾ ਚੋਰ ਵੇ

ਵਿਚ ਕਣਕਾਂ ਨਸਦਾ ਮੋਰ ਵੇ

ਉਹ ਖੜਦਾ ਨਸਦਾ ਜ਼ੋਰ ਵੇ

ਲੱਖ ਬਦਲੇ ਉਸ ਨੇ ਘੋੜ ਵੇ

ਉਹ ਆਪ ਹੀ ਅੱਪਣਾ ਲੋਰ ਵੇ

ਉਹਦੇ ਭੱਥੇ ਪੈਂਦਾ ਸ਼ੋਰ ਵੇ- 

ਸੋਹਣੇ ਸਾਉਣ ਮਹੀਨੇ ਨੇ ਛਲੀਆਂ ਓ ਯਾਰ 

ਜ਼ਰਾ ਫੜ ਬਾਹੀਂ ਮੈਂ ਕੱਲੀ ਆਂ ਓ ਯਾਰ, 

ਹੱਸ ਦੇਸ ਮਾਹੀ ਦੇ ਚੱਲੀਆਂ ਓ ਯਾਰ

ਰੋ ਪੈਣ ਬਾਬਲ ਦੀਆਂ ਗੱਲੀਆਂ ਓ ਯਾਰ। 

ਸੁਣ ਨੀਂਦਾਂ ਦੇ ਸਰਦਾਰ ਵੇ 

ਉਸ ਤਪਦੇ ਜੰਡ ਦੇ ਯਾਰ ਵੇ 

ਸੁਣ ਬਾਬਲ ਮਿਰੇ ਦੇ ਬਾਰ ਵੇ- 

ਰੋ ਪੈਣ ਖੂਹੇ ਤੇ ਬੱਲੀਆਂ ਓ ਯਾਰ, 

ਖਿੜ ਪੈਣ ਹੱਥਾਂ ਦੀਆਂ ਕੱਲੀਆਂ ਓ ਯਾਰ।

ਤੈਂ ਹੱਥਾਂ ਤੇ ਅਸਮਾਨ ਵੇ

ਮੈਂ ਸੂਰਜ ਦਾ ਘਮਸਾਨ ਵੇ

ਵਾਹ! ਤਕਦੀਰਾਂ ਦੀ ਸ਼ਾਨ ਵੇ- 

ਡੱਕ ਕਾਫ਼ਲੇ ਮੌਤਾਂ ਦੇ ਖੱਲ੍ਹੀਆਂ ਓ ਯਾਰ, 

ਗਾਨੇ ਬੰਨ੍ਹ ਹੁਸਨਾਂ ਦੇ ਰੱਲੀਆਂ ਓ ਯਾਰ। 

ਚਾੜ੍ਹ ਹਿਜਰ ਦੇ ਤੀਰ ਨੂੰ ਸਾਣ ਵੇ 

ਬਾਜ਼ ਵਸਲ ਦਾ ਪੀਂਦਾ ਜਾਨ ਵੇ 

ਚੜ੍ਹੀ ਅੱਗ ਅਸਮਾਨ ਅਜ਼ਾਨ ਵੇ- 

ਬਣ ਗੀਤ ਤਕਦੀਰਾਂ ਦਾ ਚੱਲੀਆਂ ਓ ਯਾਰ, 

ਕਿੱਡਾ ਸਿਤਮ ਜਿੱਥੇ ਮੈਂ ਖੱਲ੍ਹੀਆਂ ਓ ਯਾਰ। 

ਤੂੰ ਥਲਾਂ ਥਲਾਂ ਦੀ ਬਾਂਗ ਵੋ 

ਮੈਂ ਬਾਹੀਂ ਉਠਦੀ ਚਾਂਗ ਵੋ 

ਨਾਂਹ ਲਹੂ ਰਿਹਾ ਨਾ ਸਾਂਗ ਵੋ ! 

ਪਿਛਲੇ ਰੈਣ ਦੇ ਪਹਿਰੇ ਨਾਂਹ ਟੱਲੀਆਂ ਓ ਯਾਰ 

ਬੈਠਾ ਥਲਾਂ ਵਿਚ ਦੇਵੇਂ ਤਸੱਲੀਆਂ ਓ ਯਾਰ; 

ਝੂਠੇ ਕੌਲਾਂ ਨੇ ਅਕਲਾਂ ਮੱਲੀਆਂ ਓ ਯਾਰ 

ਸਾਨੂੰ ਦਿਸੀਆਂ ਹੋਰ ਤਜੱਲੀਆਂ ਓ ਯਾਰ।

ਹਾਂ! ਹਸ਼ਰ ਦੀ ਵਗਦੀ ਪੌਣ ਵੇ 

ਹਾਂ ! ਮੌਤ ਦਾ ਹੋਇਆ ਔਣ ਵੇ, 

ਜਦ ਝੁੱਲਦਾ ਖ਼ੂਨ ਦਾ ਸੌਣ ਵੇ, 

ਮੈਂ-ਤੈਂ ਬਿਨ ਤੁਰਦਾ ਕੌਣ ਵੇ-? 

ਲੈ ਦੀਵਾ ਤਕਦੀਰਾਂ ਦਾ ਖੱਲ੍ਹੀਆਂ ਓ ਯਾਰ, 

ਜਿੱਥੇ ਸ਼ੌਕ ਉਥੇ ਹੀ ਚੱਲੀਆਂ ਓ ਯਾਰ।

ਇਹ ਰਹਿਮਤ ਦਾ ਅਸਮਾਨ ਵੇ

ਜਿੱਥੇ ਸਹਿਮਣ ਸੂਰ ਮਹਾਨ ਵੇ,

ਜਿੱਥੇ ਕਰਕੇ ਸਫ਼ਰ ਅਜ਼ਾਨ ਵੇ

ਡੁੱਬ ਜਾਵੇ ਨੀਂਦ ਦੀ ਸ਼ਾਨ ਵੇ,

ਕੋਈ ਕਰ ਜਾਵੇ ਘਮਸਾਨ ਵੇ ! 

ਫਿਰ ਪਹੁੰਚੇ ਦਿਲ ਦਾ ਹਾਣ ਵੇ-

ਕੋਈ ਦੇਂਦਾ ਜਾਵੇ ਤਸੱਲੀਆਂ ਓ ਯਾਰ, 

ਫਿਰ ਪਾ ਜਾਵੇ ਤਰਥੱਲੀਆਂ ਓ ਯਾਰ। 

ਮੇਰੇ ਵੀਰ ਸ਼ਮੀਰ ਦਾ ਰਾਜ ਵੇ ! 

ਜ਼ਰਾ ਠੱਲ੍ਹ ਅਸਵਾਰਾ ਵਾਗ ਵੇ, 

ਦਿਹੁੰ ਹਸ਼ਰ ਦੇ ਵਾਂਗੂੰ ਜਾਗ ਵੇ-

ਤੈਂ ਨੈਣਾਂ 'ਚ ਨੀਂਦਾਂ ਅਵੱਲੀਆਂ ਓ ਯਾਰ, 

ਜ਼ਰਾ ਨਜ਼ਰ ਮਾਰ, ਮੈਂ ਕੱਲੀ ਆਂ ਓ ਯਾਰ, 

ਜ਼ਰਾ ਤਕ ਜ਼ੁਲਫ਼ਾਂ, ਕਿੰਞ ਝੱਲੀਆਂ ਓ ਯਾਰ !!

📝 ਸੋਧ ਲਈ ਭੇਜੋ