ਸਹਿਮੇ-ਸਹਿਮੇ ਪੰਛੀ ਬਹਿੰਦੇ

ਸਹਿਮੇ-ਸਹਿਮੇ ਪੰਛੀ ਬਹਿੰਦੇ ਰੁੱਖਾਂ 'ਤੇ ।

ਇਸ ਮੌਸਮ ਵਿਚ ਪਹਿਰੇ ਲੱਗੇ ਰੁੱਖਾਂ 'ਤੇ । 

ਪੀਲ-ਪਲੱਤਣ ਛਾਈ ਬੁੱਢੇ ਰੁੱਖਾਂ 'ਤੇ।

ਲੱਕੜਹਾਰੇ ਕੱਢਣ ਗੁੱਸੇ ਰੁੱਖਾਂ 'ਤੇ । 

ਆਹਲਣਿਆਂ ਦੇ ਦਰ-ਦਰਵਾਜ਼ੇ ਭੇੜ ਲਵੋ । 

ਬੱਦਲਾਂ ਨੇ ਹੁਣ ਤੰਬੂ ਤਾਣੇ ਰੁੱਖਾਂ 'ਤੇ । 

ਹਰ ਪੰਛੀ ਦੀ ਹੁੰਦੀ ਏ ਹੁਣ ਜਾਸੂਸੀ, 

ਲੋਕਾਂ ਰੱਖੇ ਚੋਰ-ਝਰੋਖੇ ਰੁੱਖਾਂ 'ਤੇ । 

ਹਰ ਇਕ ਝੱਖੜ-ਝੇੜੇ ਅੰਦਰ 'ਇਕਵਿੰਦਰ', 

ਆਫ਼ਤ ਆਵੇ ਲੰਮ-ਸਲੰਮੇ ਰੁੱਖਾਂ 'ਤੇ ।

ਨਰ-ਪੰਛੀ ਪਰਦੇਸ ਗਏ ਨੇ 'ਇਕਵਿੰਦਰ', 

ਹੁਣ ਨਾ ਬੈਠਣ ਜੋੜੇ-ਜੋੜੇ ਰੁੱਖਾਂ 'ਤੇ।

📝 ਸੋਧ ਲਈ ਭੇਜੋ