ਸੈ ਸਦੀਆਂ ਦਾ ਪੈਂਡਾ ਹੈਗਾ ਇਸ ਦੇ ਅੱਗੇ

ਸੈ ਸਦੀਆਂ ਦਾ ਪੈਂਡਾ ਹੈਗਾ ਇਸ ਦੇ ਅੱਗੇ ।

ਵਕਤ ਨੂੰ ਆਖੋ ਚੁੱਪ-ਚੁਪੀਤਾ ਅੱਗੇ ਲੱਗੇ ।

ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਨੇ ਸਰਫ਼ਾਂ,

ਇਸ ਧਰਤੀ ਤੇ ਜੰਮੇ ਸੂਰੇ, ਅਣਖੀ, ਜੱਗੇ ।

ਸਾਰਾ ਘੁੱਪ ਹਨੇਰਾ ਬਾਹਰ ਆ ਜਾਂਦਾ ਏ,

ਜਦ ਕਦ ਮੇਰੇ ਅੰਦਰ ਵਾਲਾ ਦੀਵਾ ਜੱਗੇ ।

ਰੂਹ ਤੱਕ ਤੇਰਾ ਸੇਕ ਨਾ ਅੱਪੜ ਸਕਿਆ ਭਾਵੇਂ,

ਲੂ-ਲੂ ਆਪਣਾ ਸਾੜ ਲਿਆ ਈ ਤਪਦੀ ਅੱਗੇ ।

ਜੋ ਕੁਝ ਕਰੀਏ ਸੋ ਕੁੱਝ ਭਰਨਾ ਪੈ ਜਾਂਦਾ ਏ,

ਕਿਸਰਾਂ ਆਪਣੇ ਢਿੱਡ ਤੋਂ ਚੁੱਕ ਵਿਖਾਈਏ ਝੱਗੇ ।

'ਆਸਿਮ' ਕੁੱਝ ਤੇ ਸਿਖ ਲੈ ਵੱਡਿਆਂ ਦਾਨਿਆਂ ਕੋਲੋਂ,

ਤੂੰ ਕੀ ਜਾਣੇ ਧੁੱਪੇ ਤੇ ਨਹੀਂ ਕੀਤੇ ਬੱਗੇ ।

📝 ਸੋਧ ਲਈ ਭੇਜੋ