ਸਾਡੀ ਦੋਸਤੀ ਦੀ ਲਾਸ਼

ਦੋ ਦੇਸਾਂ ਦੀ ਸਰਹੱਦ ਤੇ

ਇਕ ਨੰਗਾ ਨਾਚ ਨੱਚਦੀ ਪਈ

ਏਸ ਲਾਸ਼ ਦਾ ਸੋਨੇ ਵਿੰਨ੍ਹਾ ਪਿੰਡਾ

ਸੈਂਸਰ ਦੀਆਂ ਭੁੱਖੀਆਂ ਨਜ਼ਰਾਂ ਨਾਲ਼ ਵਿੰਨ੍ਹਿਆ ਜਾ ਰਿਹਾ

ਹਵਾ ਦੇ ਵੈਣ

ਇਧਰ ਉਧਰ ਕਰ ਲਾਰ ਹੈ

ਤੇ ਕੋਈ ਚੈਕ ਹਵਾ ਦੇ ਹੋਂਠਾਂ ਤੋਂ

ਤਿਲਕ ਤਿਲਕ ਪੈਂਦੀ

ਤੂੰ ਲਿਖਿਆ ਸੀ: ਮੈਂ ਤੁਹਾਡੀ ਆਪਣੀ

ਮੈਂ ਲਿਖਿਆ ਸੀ: ਤੂੰ ਮੇਰਾ ਚੰਨ

ਤੇ ਧਰਮ ਉਹ ਪਾਲ਼ਤੂ ਜਨੌਰ

ਜਿਹੜਾ ਲੁਟੇਰਿਆਂ ਦੇ ਘਰ ਦੀ ਰਾਖੀ ਕਰਦਾ

ਤੇ ਪਿਆਰ ਕਰਨ ਵਾਲਿਆਂ ਦੇ ਜਿਸਮਾਂ ਤੇ ਪਲਦਾ

ਅੱਧਾ ਪੰਜਾਬ

ਮੇਰੀਆਂ ਅੱਖਾਂ ਵਿਚ ਰੋਂਦਾ

ਅੱਧਾ ਪੰਜਾਬ ਤੇਰੇ ਹੋਂਠਾਂ ਤੇ ਵਿਲਕਦਾ

ਤੇ ਹੰਝੂ ਗੀਤਾਂ ਵਿਚ ਵਿਚਰਦੇ

ਤੇ ਗੀਤ ਹੰਝੂ ਬਣਦੇ

ਇਹ ਖ਼ਤ, ਇਕ ਸਜ਼ਾ ਮੇਰੇ ਇਨ੍ਹਾਂ ਕੀਤੇ ਗੁਨਾਹਵਾਂ ਦੀ

ਨਹੀਂ, ਇਹ ਖ਼ਤ ਮੇਰਾ ਅਸਲੋਂ ਨਵਾਂ ਗੁਨਾਹ

ਜਿਹਦੀ ਸਜ਼ਾ ਤੂੰ ਭੁਗਤ ਰਹੀ

ਕਿ ਸਾਡੇ ਸਮਾਜ ਵਿਚ

ਮਰਦ ਦੇ ਹਰ ਗੁਨਾਹ ਦੀ ਸਜ਼ਾ ਸਿਰਫ਼ ਔਰਤ ਭੁਗਤਦੀ।

📝 ਸੋਧ ਲਈ ਭੇਜੋ