ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ

(ਤੁਖਾਰੀ ਮਹਲਾ ੧)

ਸ਼ਬਨਮ ਦੇ ਵਿਚ ਸੁੱਤੀਆਂ 

ਕੁਝ ਲਹਿਰਾਂ ਪਈਆਂ, 

ਚਿਰ ਤੋਂ ਹੇਕਾਂ ਮਾਂਝੀਆਂ

ਦੀਆਂ ਢੂੰਡਣ ਪਈਆਂ।

ਲੱਖਾਂ ਬ੍ਰਿਛਾਂ ਹੁੱਲ ਕੇ 

ਇਕ ਫ਼ਜਰ ਉਤਾਰੀ,

ਪਰਬਤਾਂ ਉੱਤੇ ਸਾਵਨਾਂ

ਦੀਆਂ ਛਾਵਾਂ ਪਈਆਂ।

ਹਰੇ ਕਚੂਰ ਝਨਾਂ ਨੇ

ਕੋਈ 'ਵਾਜ ਹੈ ਮਾਰੀ, 

ਸੁਪਨੇ ਵਿਚ ਮੈਂ ਤੁਰਦੀਆਂ

ਨਾਂਹ ਸਾਰਾਂ ਲਈਆਂ।

ਸ਼ਾਹ ਅਸਵਾਰ ਨੂੰ ਪਾਣੀਆਂ

ਇਕ ਅਰਜ਼ ਗੁਜ਼ਾਰੀ, 

ਸੂਹੇ ਵੇਸ ਕਰੇਂਦੀਆਂ

ਚੁੰਮ੍ਹ ਵਾਗ ਨੂੰ ਰਹੀਆਂ।

ਮੇਰੇ ਨਾਜ਼ ਦੀ ਬਾਤ ਨੂੰ 

ਕੋਈ ਪੁੱਛਣ ਆਵੇ, 

ਭਖਦੇ ਸੀਨੇ ਤੂਰ ਦੇ

ਦੋ ਪੈੜਾਂ ਲਹੀਆਂ।

ਸਿਖਰ ਦੁਪਹਿਰੇ ਝੱਖੜਾਂ 

ਵਿਚ ਬਾਜ਼ ਨਾਂਹ ਰੁਕਦੇ, 

ਚੜ੍ਹਦੀ ਉਮਰ ਦੀ ਕਾਂਗ ਨੂੰ 

ਫੜ ਪੌਣਾਂ ਰਹੀਆਂ।

ਤੇਗ ਦੀ ਧਾਰ 'ਚ ਸ਼ਬਨਮਾਂ

ਕੋਈ ਹੁਸਨ ਲੁਕਾਵਣ,

ਨਜ਼ਰ ਦੀ ਧਾਰ ਨੂੰ ਛੋਂਹਦੀਆਂ 

ਕੰਨਸੋਆਂ ਗਈਆਂ।

ਕੰਬਦੀ ਬਿਜਲੀ-ਸਿਖਰ 'ਤੇ 

ਖੜ ਵੇਸ ਮੈਂ ਕੀਤਾ, 

ਨਦੀਆਂ ਪੈਂਡੇ ਘੇਰ ਕੇ 

ਦੋ ਗੱਲਾਂ ਕਹੀਆਂ।

ਉਡਦੀਆਂ ਜੁਗਨੂੰਆਂ ਵਾਂਗ ਜੋ 

ਕਦੇ ਅੰਬਰ ਗੱਲਾਂ,

ਸਾਵਨ ਦੀ ਇਸ ਘਟਾ ਵਿਚ 

ਮੈਨੂੰ ਯਾਦ ਰਹੀਆਂ।

ਰੰਗ ਮਜੀਠੀ ਥਰਕਦਾ 

ਜਿਉਂ ਦੂਰ ਸੁਨੇਹੜੇ, 

ਤਾਰਿਆਂ ਦੀ ਛਾਂ ਭਿੰਨੜੀ 

ਨੂੰ ਛੋਹਵਣ ਬਹੀਆਂ।

ਮਾਹੀ ਤੈਂਡੇ ਪੈਂਡਿਆਂ

ਤੇ ਅੰਬਰ ਸਾਡਾ, 

ਜਿਸਦਾ ਦਾਮਨ ਪਕੜਿਆ 

ਰੂਹ ਰੰਗ ਗਵੱਈਆਂ।

ਕੰਬਦਾ ਬੁੱਤ ਲੈ ਅੱਥਰੂ 

ਜੇਹੀ ਅਰਜ਼ ਮੈਂ ਕੀਤੀ, 

ਜਦੋਂ ਦੁਪਹਿਰਾਂ ਗ਼ਜ਼ਬ ਖਾ 

ਸੰਗ ਲਸ਼ਕਰਾਂ ਖਹੀਆਂ;

ਮਾਵਾਂ ਨੇ ਅਸਮਾਨ ਨੂੰ 

ਜਦ ਮਾਰੀਆਂ 'ਵਾਜਾਂ

ਧਰਤੀ ਉੱਤੇ ਪੁੱਤਰਾਂ 

ਦੀਆਂ ਛਾਵਾਂ ਲਹੀਆਂ;

ਵੇਖਾਂ ਝਿੰਮ ਝਿੰਮ ਰਹਿਮ ਦੇ

ਤਦ ਗਗਨ ਮੈਂ ਦੂਰੋਂ 

ਕਿਤੋਂ ਹਵਾਵਾਂ ਆਉਂਦੀਆਂ 

ਮੇਰੇ ਸਜਦੇ ਜਹੀਆਂ।

ਹੁੱਲਦੇ ਵਣਾਂ ਦੀ ਪੈੜ ਕੁਈ 

ਮੇਰੀ ਜਾਨ 'ਤੇ ਕੰਬੇ

ਪਰਬਤ ਪਰਬਤ ਸ਼ਬਨਮਾਂ 

ਕੋਈ ਰਾਜ਼ ਲੈ ਬਹੀਆਂ।

ਸੱਭੇ ਪੈਂਡੇ ਦਿਲਾਂ ਦੇ

ਪਰਦੇਸ ਤੋਂ ਆਵਣ, 

ਸੁੱਤੇ ਝੰਗ ਜਗਾਂਦੀਆਂ 

ਦੂਰੋਂ ਸਈਆਂ।

📝 ਸੋਧ ਲਈ ਭੇਜੋ