ਸੱਜਣ ਝਨਾ ਦੇ ਪਾਰ

ਉਹ ਖ਼ਤ ਲਿਖੇ, ਤੇ ਤੂੰ ਅਹਿਸਾਸ ਪੜ੍ਹੇਂ ।

ਇਹ ਤਾਂ ਪੁਰਾਣੀਆਂ ਰੀਤਾਂ ਨੇ ।

ਉਹ ਚੁੱਪ ਰਹੇ, ਤੇਰੇ ਵੱਲ ਨੂੰ  ਨਾ ਝਾਕੇ ।

ਤੂੰ ਉਸਨੂੰ ਸਮਝ ਪਰੋ ਦੇਵੇਂ, ਵਿੱਚ ਆਪਣੇ ਗੀਤਾਂ ਦੇ ।

ਨਵੀਂ ਰੀਤ ਚਲਾ ਸੱਜਣਾ, ਕਿ ਐਸਾ ਪਿਆਰ ਹੋਣਾ ਚਾਹੀਦਾ ।

ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ ।

ਤੂੰ ਸਮਝ ਪ੍ਰੀਤਮ ਨੂੰ , ਤੇ ਤਸਵੀਰ ਬਣਾ ਉਸਦੀ ।

ਜਿਹੜੀ ਬੋਲਣ ਲੱਗ ਜਾਵੇ ।

ਲੋਕੀਂ ਤੱਕਣ ਸਿਰਫ਼ ਉਸਨੂੰ ।

ਜਦ ਤੁਸੀਂ ਤੱਕੋਂ, ਦਿਲ ਦੀ ਗੱਲ ਕਰ ਜਾਵੇ ।

ਫਿਰ ਉਸ ਤਸਵੀਰ ਗਲ ਲੱਗਣ ਦਾ ।

ਵੱਖਰਾ ਅੰਦਾਜ਼ ਹੋਣਾ ਚਾਹੀਦਾ ।

ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ ।

ਉਹ ਮੰਗੇ ਪਾਣੀ ਜਦ, ਸਿਆਹੀ ਪੀ ਰੱਜ ਕਹੇ ।

ਲੱਜ ਰੱਖਣੀ ਕਲਮਾਂ ਦੀ, ਸਿਰ ਆਪਣਾ ਕੱਜ ਲਵੇ ।

ਘੁੰਡ ਕੱਢ ਲਏ, ਨੈਣ ਢੱਕ ਲਵੇ ।

ਪਾਣੀ ਛਮ ਛਮ ਉਹਦੇ ਨੇਤਰਾਂ ਚੋਂ ਵਗਣ 'ਤੇ ।

ਸਰਬ ਕੋਲ ਉਸ ਨੀਰ ਨੂੰ , ਭਰ ਗਲਾਸੀ ਪੀਣ ਦਾ,

ਵੱਖਰਾ ਸੁਆਦ ਹੋਣਾ ਚਾਹੀਦਾ ।

ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ ।

ਉਹ ਇਸ਼ਕੇ ਨੂੰ  ਕੀ ਜਾਨਣ, ਜਿੰਨਾਂ ਸੱਜਣ ਨੇੜਿਓਂ ਵੇਖੇ ।

ਅਧਵਾਟਿਉਂ ਟੁੱਟਿਆਂ ਨੂੰ  ਪਿਆਰੇ ਦੇ, ਅੰਦਰੋਂ ਪੈਣ ਭੁਲੇਖੇ ।

ਉਸ ਅੱਖੀਆਂ ਬੰਦ ਕੀਤੀਆਂ ਹੋਵਣ, ਤੇ ਜੱਪੇ ਤੈਨੂੰ ਤੱਕਣ ਲਈ ।

ਉਹ ਹਰੇਕ ਮੰਦਿਰ, ਮਸਜਿਦ, ਗੁਰੂਦੁਆਰੇ ਦੇ,

ਦੁਆਰ ਹੋਣਾ ਚਾਹੀਦਾ ।

ਦੋਨਾਂ ਦੇ ਸੱਚੇ ਪਿਆਰ ਵਿੱਚ, ਇਹ ਇਕਰਾਰ ਹੋਣਾ ਚਾਹੀਦਾ ।

ਸੱਜਣ ਝਨਾ ਦੇ ਪਾਰ ਹੋਵੇ, ਤੇ ਦੀਦਾਰ ਹੋਣਾ ਚਾਹੀਦਾ ।

📝 ਸੋਧ ਲਈ ਭੇਜੋ