ਕਦੇ ਸੋਚ ਮੇਰੀ ਵਿੱਚ ਆ ਸੱਜਣਾ,

ਦਿਲ ਨਾਲ ਅਸਾਂ ਨੂੰ ਲਾ ਸੱਜਣਾ।

ਰਹਿ ਗਏ ਇੱਕਲੇ ਭੀੜਾਂ ਅੰਦਰ,

ਲੱਭ ਸਾਨੂੰ ਹੱਥ ਫੜਾ ਸੱਜਣਾ।

ਅਸੀਂ ਸੁੱਕੀ ਔੜੀ ਧਰਤ ਬਣੇ,

ਘਨਘੋਰ ਘਟਾ ਬਣ ਛਾ ਸੱਜਣਾ।

ਹੁਣ ਦਿਨ ਗੁਜਰਦੇ ਦਰਦਾਂ ਅੰਦਰ,

ਕਦੇ ਮਲ੍ਹਮਾਂ ਬਣਕੇ ਆ ਸੱਜਣਾ।

ਸਾਡੀ ਰਾਤ ਹੋਈ ਹੁਣ ਕਾਲ਼ੀ ਬੋਲ਼ੀ,

ਤੂੰ ਬਣ ਜੁਗਨੂੰ ਰੁਸ਼ਨਾਂ ਸੱਜਣਾ।

ਅਸੀਂ ਸੜ ਗਏ ਧੁੱਪਾਂ ਵਿੱਚ ਖੜ੍ਹੇ,

ਤੂੰ ਬਣ ਰੁੱਖ ਕਰਦੇ ਛਾਂ ਸੱਜਣਾ।

ਅਸੀਂ ਵਿੱਚ ਪਗਡੰਡੀਆਂ ਭੁੱਲ ਗਏ,

ਸਾਨੂੰ ਰਾਹ ਪਿਆਰ ਦੇ ਪਾ ਸੱਜਣਾ।

ਸਾਡੀ ਅੱਖ ਸੁੱਕੀ ਹੈ ਰੋ-ਰੋ ਕੇ,

ਤੂੰ ਬਣ ਕੱਜਲ ਚਮਕਾ ਸੱਜਣਾ।

ਅਸੀਂ ਯਾਦ ਚ ਤੇਰੀ ਮਰਦੇ ਜਾਈਏ,

ਤੂੰ ਬਣਕੇ ਧੜਕਣ ਆ ਸੱਜਣਾ।

ਤੇਰੀ ਯਾਦ ਚ ਉਜੜੇ ਬਾਗ ਸਾਡੇ,

ਤੂੰ ਬਣ ਕੇ ਫੁੱਲ ਮਹਿਕਾ ਸੱਜਣਾ।

ਸਾਨੂੰ ਯਾਦ ਸਮੁੰਦਰ ਲੈ ਡੁੱਬਾ,

ਤੂੰ ਬੇੜੀ ਬਣ ਮਲਾਹ ਸੱਜਣਾ।

ਪਰ ਲਾ ਕੇ ਕਿਧਰੇ ਨੀਂਦ ਉੱਡੀ,

ਕਦੇ ਬਣ ਕੇ ਸੁਪਨਾ ਆ ਸੱਜਣਾ।

ਸੁੱਖੇ ਜਿੰਦ ਅਧੂਰੀ ਬਿਨ ਤੇਰੇ,

ਗਲ਼ ਹਾਰ ਪਿਆਰ ਦਾ ਪਾ ਸੱਜਣਾ।

📝 ਸੋਧ ਲਈ ਭੇਜੋ