ਸੱਜਣ ਸਾਥੋਂ ਵਿੱਛੜੇ, ਸੀ ਪਹਿਰ ਦੁਪਹਿਰ ਦੇ ।
ਕਦੇ ਨਾ ਸਾਨੂੰ ਦਰਸ਼ ਹੋਏ, ਸੱਜਣਾ ਦੇ ਫੇਰ ਓਏ ।
ਕਾਲੀਆਂ ਸੀ ਰਾਤਾਂ, ਡੁੱਬਾ ਮੱਸਿਆ ਤੇ ਚੰਨ ਸੀ ।
ਪੁੰਨਿਆਂ ਦੀ ਰਾਤ ਖੌਰੇ, ਮਾਰ ਲੈਣ ਗੇੜ ਓਏ ।
ਟਿੱਕਾ ਬਣਵਾ ਲਿਆ, ਤੇ ਡੱਬੇ ਵਿੱਚ ਪਾ ਲਿਆ ।
ਮੱਥੇ ਨਾ ਭਾਵੇ ਸਾਨੂੰ, ਸੱਜਣਾ ਬਗੈਰ ਓਏ ।
ਹੱਥਾਂ ਦੀਆਂ ਚੂੜੀਆਂ, ਲਈਆਂ ਰੀਝਾਂ ਨਾਲ ਗੂੜ੍ਹੀਆਂ ।
ਤੋੜ ਤੋੜ ਸੁੱਟੀਆਂ, ਜ਼ਮਾਨੇ ਕੀਤਾ ਕਹਿਰ ਓਏ ।
ਸੋਹਣੀਆਂ ਤਵੀਤੜੀਆਂ, ਤੇ ਕੰਨਾਂ ਵਾਲੇ ਝਾਲੇ ।
ਸੱਜਣਾ ਦੀ ਆਸ ਚ, ਰੱਖੇ ਮੈਂ ਸੰਭਾਲ ਓਏ ।
ਜਦੋਂ ਉਹਨਾ ਆਵਣਾ, ਮੈਂ ਸੱਜ ਕੇ ਵਿਖਾਵਣਾ ।
ਜ਼ਮਾਨੇ ਚੋਰੀ ਪਾਂਵਦੀ, ਕਿ ਪੈਜੇ ਨਾ ਭੜਾਸ ਓਏ ।
ਕਦੇ ਤਾਂ ਫੇਰਾ ਪਾਉਣਗੇ, ਤੇ ਗਲ਼ ਨਾਲ ਲਾਉਣਗੇ ।
ਆਸ ਨਾਲ ਜੀਂਵਦੀ, ਮੈਂ ਸੱਜਣਾ ਬਗੈਰ ਓਏ ।
ਸੱਜਣ ਜਿਹੜੇ ਵਿੱਛੜੇ, ਸੀ ਸਿਖ਼ਰ ਦੁਪਹਿਰ ਓਏ ।
ਦਰਸ਼ ਦੇਣੇ ਪੈਣੇ, 'ਸਰਬ' ਢਾਉਣੀ ਨਾ ਢੇਰ ਓਏ ।