ਜਦੋਂ ਇਸ਼ਕੇ ਦੇ ਰਾਹਾਂ ਵਿੱਚ ਬੋਚ-੨ ਪੱਬ ਧਰੇ,
ਲੱਗਦੀਆਂ ਰੁੱਤਾਂ ਸਭੇ ਚੰਗੀਆਂ।
ਹੋਵੇ ਨਾ ਕੋਈ ਸ਼ੋਰ ਬੱਸ ਛਾਈ ਹੋਵੇ ਚੁੱਪ,
ਫਿਰ ਵੱਜਣ ਹਵਾਵਾਂ 'ਚ ਸਾਰੰਗੀਆਂ।
ਕੋਈ ਮਿੱਠਾ-੨ ਗੀਤ ਗਾਵੇ, ਮੋਰਨੀ ਜਿਓਂ ਪੈਲਾਂ ਪਾਵੇ,
ਹੋਣ ਕਾਸ਼ਨੀ ਬਰੂਹਾਂ ਸੱਤ ਰੰਗੀਆਂ,
ਦੂਰ ਕਿਸੇ ਬਾਗਾਂ ਵਿੱਚ ਲੰਘ ਜਾਵੇ ਜਿੰਦ ਸਾਡੀ,
ਇਹੋ ਜਿਹੀਆਂ ਦਾਤਾਂ ਅਸੀਂ ਮੰਗੀਆਂ।
ਨਿੱਤ ਬੱਦਲਾਂ ਤੇ ਤਾਰਿਆਂ ਦੀ ਹੋਵੇ ਮੁਲਾਕਾਤ,
ਸਾਡੇ ਮੇਲ ਲਈ ਜਿਓਂ ਕਰਦੇ ਤਿਆਰੀਆਂ।
ਇਕ ਮਿਕ ਹੋਜੇ ਕਿਤੇ ਜੋੜੀ ਤੇਰੀ ਮੇਰੀ,
ਲਾਈਆਂ ਤਾਕਤਾਂ ਜਿਓਂ ਰੱਬ ਨੇ ਵੀ ਸਾਰੀਆਂ।
ਸੁਣ ਹਵਾ ਦਿਆ ਬੁੱਲਿਆ ਵੇ ਲੰਘਿਆ ਜੇ ਓਥੋਂ ਕਿਤੇ,
ਚਿੱਠੀ ਮੇਰੀ ਯਾਰ ਨੂੰ ਫੜਾਈਂ ਵੇ।
ਜਿੱਥੇ ਚਿੱਟੀਆਂ ਪਹਾੜੀਆਂ ਤੇ ਫੁੱਲਾਂ ਜਿਹੀਆਂ ਝਾੜੀਆਂ ਨੇ,
ਸਾਨੂੰ ਸੱਜਣਾ ਦੇ ਦੇਸ਼ ਲੈਕੇ ਜਾਈਂ ਵੇ।
ਮੁਸਾਫਿਰਾਂ ਦੇ ਵਾਂਗੂ ਦੱਸ ਕਿਥੋਂ ਤੀਕ ਪੁੱਜਣਾ ਏ
ਕੀ ਪਤਾ ਕਿਥੋਂ ਪੈਣਾ ਮੁੜਨਾ,
ਲੱਖਾਂ ਵਿੱਚ ਭਾਵੇਂ ਵੇ ਤੂੰ ਹਾਕ ਮਾਰ ਵੇਖ ਲਵੀਂ
ਕਿਸੇ ਨੇ ਨਾ ਨਾਲ ਤੇਰੇ ਤੁਰਨਾ।
ਸਾਗਰਾਂ 'ਚ ਕਦੋਂ ਤੀਕ ਚੱਲੂ ਦੱਸ ਬੇੜੀ
ਪੈਣਾ ਕਿਤੇ ਤਾਂ ਕਿਨਾਰਿਆਂ ਤੇ ਰੁਕਣਾ ,
ਮਿਹਨਤਾਂ ਤੇ ਰੱਖ ਤੂੰ ਯਕੀਨ ਹਿੱਕ ਠੋਕ
ਪੈਜੂ ਔਕੜਾਂ ਨੂੰ ਆਪੇ ਮੂਹਰੇ ਝੁਕਣਾ।
ਵੇਖ ਕੇ ਤਰੱਕੀਆਂ ਕਿਉਂ ਉੱਤੋਂ ਲੋਕੀ ਹੋਣ ਨੇੜੇ
ਪਿੱਠ ਤੇ ਚਲਾਉਂਦੇ ਪਿੱਛੋਂ ਆਰੀਆਂ,
ਇਹਨਾਂ ਪਿਆਰ ਦੇ ਸੌਦਾਗਰਾਂ ਨੇ ਲੈਣਾ ਤੈਨੂੰ ਲੁੱਟ,
ਬੰਦ ਰੱਖੀਂ ਦਿਲ ਵਾਲੇ ਬੂਹੇ-ਬਾਰੀਆਂ।
ਸਭ ਭੁੱਲਾਂ ਚੁੱਕਾਂ ਮਾਫ ਰੱਖੀਂ, ਮਨ ਨੂੰ ਤੂੰ ਸਾਫ ਰੱਖੀਂ,
ਖੁਸ਼ੀਆਂ ਦੇ ਬੀਜ ਤੂੰ ਉਗਾਈਂ ਵੇ।
ਜਿਥੇ ਚਿੱਟੀਆਂ ਪਹਾੜੀਆਂ ਤੇ ਫੁੱਲਾਂ ਜਿਹੀਆਂ ਝਾੜੀਆਂ ਨੇ,
ਸਾਨੂੰ ਸੱਜਣਾ ਦੇ ਦੇਸ ਲੈਕੇ ਜਾਈਂ ਵੇ।
ਮਜਬੂਰੀਆਂ ਦੇ ਮਾਰੇ ਜਦੋਂ ਅੱਕ ਪੈਂਦਾ ਚੱਬਣਾ ਬਈ,
ਹੁੰਦੀਆਂ ਨੇ ਬਾਤਾਂ ਕਈ ਦੁਖਾਣੀਆਂ,
ਡਾਢਾ ਦੁੱਖ ਦੁਨੀਆ ਤੇ ਵੇਖਿਆ ਨਾ ਜਾਵੇ ਰੱਬਾ,
ਦਸ ਕਦੋਂ ਤੱਕ ਮੰਨੀ ਜਾਵਾਂ ਹੋਣੀਆਂ।
ਮੱਥੇ ਦੀਆ ਲੀਕਾਂ ਨਾਲ ਪੈਂਦਾ ਨੀ ਫਰਕ ਕੋਈ,
ਘਰੇ ਬਹਿਕੇ ਪੈਂਦੀਆਂ ਨੀ ਪੂਰੀਆਂ।
ਚੁੱਕ ਲੈ ਕਲਮ ਕੰਨੀ ਫੜ ਕਿਸੇ ਗੀਤ ਵਾਲੀ,
ਰਹਿਣ ਦਈਂ ਨਾ ਕੋਈ ਸੱਧਰਾਂ ਅਧੂਰੀਆਂ।
ਜ਼ਿੰਦਗੀ ਦੇ ਦਿਨ ਛੋਟੇ, ਮੰਜ਼ਿਲਾਂ ਦੇ ਪੈਂਡੇ ਔਖੇ,
ਬੋਚ ਬੋਚ ਧਰੀਂ ਤੂੰ ਵਿੱਚ ਪੈਰ ਵੇ,
ਸਿਖਰਾਂ ਤੇ ਪੁੱਜ ਕੇ ਵੀ ਰਾਜਨਾ ਵੇ ਰਹੀਂ ਸਦਾ,
ਮੰਗਦਾ ਤੂੰ ਸੱਜਣਾ ਦੀ ਖੈਰ ਵੇ।
ਲਿਖ ਦਿਲ ਤੇ ਪੈਗਾਮ ਰੱਖੀਂ, ਇਕੋ ਬੱਸ ਨਾਮ ਰੱਖੀਂ
ਜਾਂਦੇ ਓਹਦੇ ਵੱਲ ਰਾਹ ਰੋਸ਼ਨਾਈ ਵੇ,
ਜਿੱਥੇ ਚਿੱਟੀਆਂ ਪਹਾੜੀਆਂ ਤੇ ਫੁੱਲਾਂ ਜਿਹੀਆਂ ਝਾੜੀਆਂ ਨੇ,
ਸਾਨੂੰ ਸੱਜਣਾ ਦੇ ਦੇਸ ਲੈਕੇ ਜਾਈਂ ਵੇ।