ਸੱਜਣਾ ਸਾਡੀ ਰਸਮ-ਰਵਾਇਤ

ਸੱਜਣਾ ਸਾਡੀ ਰਸਮ-ਰਵਾਇਤ ਸਾਡਾ ਚੁੱਪ-ਚੁੱਪ ਰਹਿਣਾ ।

ਨਹੀਂ ਤੇ ਅਸਾਂ ਫ਼ਕੀਰਾਂ ਤੈਨੂੰ ਕੀ ਕੁੱਝ ਨਹੀਂ ਸੀ ਕਹਿਣਾ ।

ਰੁੱਖਾਂ ਵੱਲੋਂ ਹੁਣ ਕੋਈ ਸੱਦਾ ਆਵੇ ਜਾਂ ਨਾ ਆਵੇ,

ਧੁੱਪੇ ਮੈਂ ਦੁਪਹਿਰ ਗੁਜ਼ਾਰੀ ਹੁਣ ਕੀ ਛਾਵੇਂ ਬਹਿਣਾ ।

ਮੰਦਾ ਕੀਤਾ ਹਾਲ ਦਿਲੇ ਦਾ ਤੇਰੀ ਬੇਪਰਵਾਹੀ,

ਓਸੇ ਘਰ ਦਾ ਵੈਰੀ ਹੋਇਉਂ ਜਿਹੜੇ ਘਰ ਵਿਚ ਰਹਿਣਾ ।

ਕਿੱਡਾ ਸੋਹਣਾ ਦਰਸ਼ ਵਫ਼ਾ ਦਾ ਦੇ ਗਈ ਏ ਇਕ ਸੋਹਣੀ,

ਕੱਚੇ ਹੋਣ ਘੜੇ ਤੇ ਹੋਵੇ ਆਪੋ ਪੱਕਿਆਂ ਰਹਿਣਾ ।

ਆਪਣੀਆਂ-ਆਪਣੀਆਂ ਅੱਖਾਂ ਦੇ ਵਿਚ ਆਪੋ-ਆਪਣੇ ਅੱਥਰੂ,

ਮੇਰੇ ਬਾਝੋਂ ਪੀੜ ਮੇਰੀ ਨੂੰ ਹੋਰ ਕਿਸੇ ਨਹੀਂ ਸਹਿਣਾ ।

ਇਹੋ ਜਿਹੇ ਲਸ਼ਕੀਲੇ ਮੋਤੀ ਕਿਸੇ-ਕਿਸੇ ਨੂੰ ਜੁੜਦੇ,

ਦਰਦ ਮੰਦਾਂ ਨੂੰ ਮਿਲਦਾ'ਅਨਵਰ'ਅੱਖੀਆਂ ਦਾ ਇਹ ਗਹਿਣਾ ।

📝 ਸੋਧ ਲਈ ਭੇਜੋ