ਸੱਜਣਾਂ ਅੱਗੇ ਹੀਣਿਆਂ ਕਰ ਗਈ

ਸੱਜਣਾਂ ਅੱਗੇ ਹੀਣਿਆਂ ਕਰ ਗਈ ਇੱਕ ਨਿਕਾਰੀ ਗੱਲ ।

ਕਿੰਨਾਂ ਹੌਲਾ ਕਰ ਜਾਂਦੀ ਏ ਵਿੱਢੋਂ ਭਾਰੀ ਗੱਲ ।

ਇਹ ਸੋਚਾਂ ਹੁਣ ਉਹ ਵੀ ਆਪਣਾ ਭਰਮ ਕਦੋਂ ਤੱਕ ਰੱਖੂ,

ਜੀਹਨੇ ਕਰਨੀ ਜਦ ਵੀ ਕਰਨੀ ਮੰਗ ਉਧਾਰੀ ਗੱਲ ।

ਅੰਬੜੀ ਤਾਈਂ ਕਿੱਦਾਂ ਆਖਾਂ ਲੱਜਾਂ ਆੜੇ ਆਣ,

ਬੁੱਲ੍ਹਾਂ ਹੇਠਾਂ ਚਿੱਥੀ ਪੈ ਗਈ ਸ਼ਰਮਾਂ ਮਾਰੀ ਗੱਲ ।

ਉਹ ਵੀ ਹੁਣ ਬਦਨਾਮੀ ਦਾ ਇਲਜ਼ਾਮ ਮੇਰੇ ਤੇ ਲਾਵੇ,

ਜੀਹਨੇ ਆਪਣੀ ਸ਼ੌਹਰਤ ਪਾਰੋਂ ਆਪ ਖਿਲਾਰੀ ਗੱਲ ।

ਲੱਖ ਰਹੀ ਮਜਬੂਰੀ ਭਾਵੇਂ ਜਜ਼ਬੇ ਕਿੱਥੇ ਲੁਕਦੇ,

ਬੁੱਲ੍ਹਾਂ ਤੋਂ ਜੋ ਕਹਿ ਨਾ ਹੋਈ ਅੱਖਾਂ ਤਾਰੀ ਗੱਲ ।

ਜੇ ਪਰ੍ਹਿਆ ਦੇ ਵਿਚ ਵੀ 'ਆਤਿਫ਼' ਠੁੱਕਵੀਂ ਗੱਲ ਨਈਂ ਕਰਨੀ,

ਆਪਣਾ ਪੋਲ ਨਾ ਖੋਲ੍ਹੀਂ ਕਰ ਕੇ ਥੱਕੀ ਹਾਰੀ ਗੱਲ ।

📝 ਸੋਧ ਲਈ ਭੇਜੋ