ਸੱਜੇ ਹੱਥ ਨੂੰ, ਖੱਬੇ ਦਾ ਵੀ

ਸੱਜੇ ਹੱਥ ਨੂੰ, ਖੱਬੇ ਦਾ ਵੀ, ਅਜ ਕਲ ਤਾਂ ਇਤਬਾਰ ਨਹੀਂ

ਹੁਣ ਤੇ ਦੋਵੇਂ, ਰਲ ਕੇ ਤਾੜੀ, ਮਾਰਨ ਨੂੰ ਤੱਯਾਰ ਨਹੀਂ

ਮੇਰਾ ਜੁੱਸਾ ਪੋਹ ਦੀ ਚਾਦਰ, ਪੈਰ ਨੇ ਧੁੱਪਾਂ ਹਾੜ੍ਹ ਦੀਆਂ,

ਜੋ ਮੇਰੇ ਜਜ਼ਬੇ ਨੂੰ ਚੀਰੇ, ਉਹ ਕਿਧਰੇ ਤਲਵਾਰ ਨਹੀਂ

ਜੋ ਅਹਿਸਾਨ ਹੈ ਹੰਝੂਆਂ ਦਾ ਹੈ, ਜੋ ਖ਼ੁਸ਼ਬੂ ਹੈ ਮੁੜਕੇ ਦੀ,

ਸ਼ਿਅਰ ਦੀ ਖੇਤੀ ਵਿੱਚ ਪਰਾਈ, ਬਾਰਸ਼ ਦੀ ਹੁੰਮਕਾਰ ਨਹੀਂ

ਜਿਸ ਨੂੰ ਕੁਦਰਤ ਵੱਲੋਂ ਖਰੀਆਂ ਗੱਲ੍ਹਾਂ ਦੀ ਤੌਫ਼ੀਕ ਮਿਲੇ,

ਉਹ ਅਵਤਾਰ ਤੋਂ ਘੱਟ ਵੀ ਨਾਹੀਂ, ਜੇ ਕਰ ਉਹ ਅਵਤਾਰ ਨਹੀਂ

ਗ਼ਰਜ਼ਾਂ ਦੀ ਕੰਧ ਢਾਅ ਕੇ ਸੌਨਾਂ, ਫ਼ਜਰੇ ਉਸਰੀ ਹੁੰਦੀ ਏ,

ਖ਼ਾਹਸ਼ਾਂ ਦੀ ਜ਼ੇਲੋਂ ਨਿਕਲਣ ਦੇ, ਕੋਈ ਵੀ ਆਸਾਰ ਨਹੀਂ

ਸਿਰ ਤੇ ਪੰਡ ਨਾ ਧੁੱਪ ਦੀ ਹੋਵੇ, ਮਜ਼ਾ ਸਫ਼ਰ ਦਾ ਆਉਂਦਾ ਨਹੀਂ,

ਪੈਰਾਂ ਨੂੰ ਉਹ ਰਾਹ ਨਹੀਂ ਲੱਭਦਾ, ਜਿਸ ਰਸਤੇ ਵਿਚ ਖ਼ਾਰ ਨਹੀਂ

ਹਰ ਮੈਲ਼ਾ ਇਨਸਾਨ ਤੇ 'ਕੁਦਸੀ', ਅੰਦਰੋਂ ਮੈਲਾ ਨਹੀਂ ਹੁੰਦਾ,

ਉੱਚੇ ਸ਼ਮਲੇ ਵਾਲਾ ਹਰ ਇੱਕ, ਬੰਦਾ ਇੱਜ਼ਤਦਾਰ ਨਹੀਂ

📝 ਸੋਧ ਲਈ ਭੇਜੋ