ਰਤਾ ਵੀ ਸਕਦੇ ਹਿੱਲ ਨਈ ਸੱਜਣਾਂ॥
ਪਰ ਤੂੰ ਕਰਦਾ ਢਿੱਲ ਨਈ ਸੱਜਣਾਂ॥
ਗੱਲ ਗੱਲ ਉੱਤੇ ਰੁੱਠ ਜਾਨਾਂ ਏ,
ਸਾਡਾ ਦਿਲ ਕੀ ਦਿਲ ਨਈ ਸੱਜਣਾਂ॥
ਤੜਫ ਪਵੇਂ ਅੱਖ ਵੇਖ ਕੋਈ ਰੋਂਦੀ,
ਕੀ! ਸਾਡੇ ਨੈਣੀਂ ਸਿੱਲ ਨਈ ਸੱਜਣਾਂ॥
ਤੂੰ ਹੋਰਾਂ ਦੇ ਤਿੱਲ ਫਿਰੇਂ ਹੂੰਝਦਾ,
ਸਾਡੇ ਤਿੱਲ ਕੀ ਤਿੱਲ ਨਈ ਸੱਜਣਾਂ॥
ਜਿੰਦ ਨਿਸ਼ਾਵਰ ਕਰ ਬੈਠੇ ਆਂ,
ਪਰ ਤੂੰ ਲਾਉਂਦਾ ਟਿੱਲ ਨਈ ਸੱਜਣਾਂ॥
ਕੋਸ਼ਿਸ਼ ਕਰ ਲੈ! ਅਸਾਂ ਦੇ ਵਰਗਾ,
ਪਰ ਕੋਈ ਸਕਦਾ ਮਿਲ ਨਈ ਸੱਜਣਾ॥
ਲਿਖ ਕੇ ‘ਸੱਤਿਆ’ ਗੱਡ ਦਿੱਤੇ ਜੋ,
ਇਹ ਕੀ ਦੱਸਦੈ ਕਿੱਲ ਨਈ ਸੱਜਣਾਂ॥